ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਨਵੰਬਰ
ਮੋਦੀ ਸਰਕਾਰ ਵੱਲੋਂ ਵਾਪਿਸ ਲਏ ਜਾਣ ਵਾਲੇ ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸਾਲ ਪੁਰਾਣੇ ਅੰਦੋਲਨ ਨੂੰ ਧਾਰ ਦੇਣ ਵਾਲੇ ਸੰਯੁਕਤ ਕਿਸਾਨ ਮੋਰਚੇ ਦੀ 27 ਨਵੰਬਰ ਨੂੰ ਹੋਣ ਵਾਲੀ ਅਹਿਮ ਮੀਟਿੰਗ ’ਤੇ ਕਿਸਾਨਾਂ ਦੀਆਂ ਨਜ਼ਰਾਂ ਟਿੱਕੀਆਂ ਰਹਿਣਗੀਆਂ ਕਿਉਂਕਿ ਇਸ ਦਿਨ ਮੋਰਚੇ ਨੇ 29 ਨਵੰਬਰ ਨੂੰ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦ ਰੁੱਤ ਸੈਸ਼ਨ ਨੂੰ ਲੈ ਕੇ ਰਣਨੀਤੀ ਦਾ ਐਲਾਨ ਕਰਨਾ ਹੈ। ਸਿੰਘੂ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਵਿੱਚੋਂ ਕਈਆਂ ਨੇ ਪੱਖ ਪੂਰਿਆ ਕਿ ਮੋਰਚੇ ਦੇ ਆਗੂਆਂ ਦੀ ਅਗਵਾਈ ਹੇਠ ਜੋ ਫ਼ੈਸਲਾ ਹੋਵੇਗਾ ਉਹ ਅਸਰਦਾਰ ਹੋਵੇਗਾ ਤੇ ਭਵਿੱਖ ਦੀ ਕਿਸਾਨਾਂ ਦੀ ਰਣਨੀਤੀ ਤੈਅ ਕਰੇਗਾ। ਬੀਕੇਯੂ ਡਕੌਂਦਾ ਦੇ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿਸਾਨਾਂ ਨੇ ਭਰਮ ਵਿੱਚ ਨਾ ਪੈ ਕੇ ਮੋਰਚੇ ਦੀ ਅਗਵਾਈ ਹੇਠ ਸਿਰੜ ਨਾਲ ਅੰਦੋਲਨ ਚਲਾਇਆ ਤੇ ਮੋਦੀ ਸਰਕਾਰ ਦੀਆਂ ਗੋਡਣੀਆਂ ਲਵਾਈਆਂ। ਪਟਿਆਲਾ ਤੋਂ ਟਰੈਕਟਰ ਲੈ ਕੇ ਆਏ ਕਿਸਾਨਾਂ ਨੇ ਦੱਸਿਆ ਕਿ ਮੋਰਚਾ 27 ਨਵੰਬਰ ਨੂੰ ਵੀ ਉੱਚਿਤ ਫ਼ੈਸਲਾ ਕਰੇਗਾ। ਅੰਮ੍ਰਿਤਸਰ ਤੋਂ ਆਏ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕੈਬਨਿਟ ਵਿੱਚ ਵੀ ਬਿੱਲ ਵਾਪਸੀ ਦਾ ਫ਼ੈਸਲਾ ਕਰ ਲਿਆ ਹੈ ਤੇ ਸੈਸ਼ਨ ਦੌਰਾਨ ਵਾਪਸ ਵੀ ਹੋ ਜਾਵੇਗਾ ਪਰ ਕਿਸਾਨਾਂ ਦੀਆਂ ਬਾਕੀ ਮੰਗਾਂ ਵੀ ਮਨਵਾਈਆਂ ਜਾਣੀਆਂ ਲਾਜ਼ਮੀ ਹਨ। ਲੁਧਿਆਣਾ ਤੋਂ ਆਏ ਕਿਸਾਨਾਂ ਨੇ ਦੱਸਿਆ ਕਿ ਸੈਸ਼ਨ ਦੌਰਾਨ ਮੋਦੀ ਸਰਕਾਰ ਦਾ ਰੁਖ਼ ਵੀ ਸਾਫ਼ ਹੋ ਜਾਵੇਗਾ।
ਕਿਸਾਨਾਂ ਦਾ ਜਥਾ ਅੱਜ ਹੋਵੇਗਾ ਰਵਾਨਾ
ਰਤੀਆ(ਪੱਤਰ ਪ੍ਰੇਰਕ): ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਬਾਰਡਰ ’ਤੇ ਚੱਲ ਰਹੇ ਘਿਰਾਓ ਨੂੰ ਹੋਰ ਮਜ਼ਬੂਤ ਕਰਨ ਲਈ ਸੈਂਕੜੇ ਕਿਸਾਨਾਂ ਦਾ ਜਥਾ ਕਾਫਲੇ ਦੇ ਰੂਪ ’ਚ ਗੁਰਦੁਆਰਾ ਅਜੀਤਸਰ ਤੋ 26 ਨਵੰਬਰ ਨੂੰ ਦਿੱਲੀ ਵੱਲੋ ਰਵਾਨਾ ਹੋਵੇਗਾ। ਇਸ ਮੌਕੇ ਰਤੀਆ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬੰਸੀ ਲਾਲ ਸਿਹਾਗ ਅਤੇ ਵਿੱਤ ਸਕੱਤਰ ਰਾਜਵਿੰੰਦਰ ਸਿੰਘ ਚਹਿਲ ਨੇ ਕਿਹਾ ਕਿ ਜੇਕਰ ਹੁਣ ਕੇਂਦਰ ਸਰਕਾਰ ਸੱਚੇ ਦਿਲੋਂ ਕਿਸਾਨਾਂ ਦਾ ਭਲਾ ਚਾਹੁੰਦੀ ਹੈ ਤਾਂ ਕਿਸਾਨੀ ਦੀਆਂ ਸਾਰੀਆਂ ਮੰਗਾਂ ਤੁਰੰਤ ਪੂਰੀਆਂ ਕਰੇ। ਉਨ੍ਹਾਂ ਕਿਹਾ ਕਿ 26 ਨਵੰਬਰ ਨੂੰ ਕਿਸਾਨ ਮੋਰਚੇ ਦਾ ਇਕ ਸਾਲ ਪੂਰਾ ਹੋਣ ’ਤੇ ਵਿਸ਼ਵ ਵਿਆਪੀ ਪ੍ਰੋਗਰਾਮਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਦੇ ਨਾਲ 25 ਅਤੇ 26 ਨਵੰਬਰ ਨੂੰ ਇਸ ਮੌਕੇ ਪੰਜਾਬ, ਹਰਿਆਣਾ ਅਤੇ ਹੋਰਨਾਂ ਸੂਬਿਆਂ ਤੋ ਵੱਡੀ ਗਿਣਤੀ ’ਚ ਕਿਸਾਨ ਦਿੱਲੀ ਵਿਖੇ ਪਹੁੰਚ ਰਹੇ ਹਨ। ਕਿਸਾਨ ਮੋਰਚੇ ਨਾਲ ਇਹ ਫੇਸਲਾ ਵੀ ਲਿਆ ਕਿ 29 ਨਵੰਬਰ ਨੂੰ ਸ਼ੁਰੂ ਹੋ ਰਹੇ ਸੰਸਦ ਸੈਸ਼ਨ ਦੌਰਾਨ 500 ਕਿਸਾਨਾਂ ਦਾ ਜਥਾ ਸੰਸਦ ਅੱਗੇ ਰੋਸ ਮੁਜ਼ਹਰਾ ਕਰੇਗਾ।