ਸਤਪਾਲ ਰਾਮਗੜ੍ਹੀਆ
ਪਿਹੋਵਾ, 7 ਸਤੰਬਰ
ਬੱਸ ਅੱਡੇ ਨੇੜੇ ਡਿਊਟੀ ’ਤੇ ਤਾਇਨਾਤ ਹੋਮਗਾਰਡ ਦੇ ਜਵਾਨ ਨੂੰ ਕਾਰ ਚਾਲਕ ਵੱਲੋਂ ਗੱਡੀ ’ਤੇ ਲਟਕਾ ਕੇ ਘਸੀਟਣ ਦਾ ਮਾਮਲਾ ਸਾਹਮਣੇ ਆਇਆ ਹੈ। ਹੋਮਗਾਰਡ ਜਵਾਨਾਂ ਦਾ ਦੋਸ਼ ਹੈ ਕਿ ਕਾਰ ਚਾਲਕ ਨੇ ਉਸ ਦੇ ਸਾਥੀ ਦੀ ਕੁੱਟਮਾਰ ਕੀਤੀ ਤੇ ਉਸ ਦੀ ਵਰਦੀ ਵੀ ਪਾੜ ਦਿੱਤੀ। ਮੁਲਾਜ਼ਮ ਦੀ ਸ਼ਿਕਾਇਤ ’ਤੇ ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹੋਮਗਾਰਡ ਰੌਸ਼ਨ ਲਾਲ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਬੱਸ ਸਟੈਂਡ ਦੇ ਨੇੜੇ ਡਿਊਟੀ ’ਤੇ ਤਾਇਨਾਤ ਸੀ। ਇਸ ਦੌਰਾਨ ਗੁਰਦੁਆਰੇ ਪਾਸਿਓਂ ਇੱਕ ਕਾਰ ਆਈ, ਜਿਸ ਵਿੱਚ ਦੋ ਵਿਅਕਤੀ ਬਿਨਾਂ ਮਾਸਕ ਅਤੇ ਸੀਟ ਬੈਲਟ ਦੇ ਸਵਾਰ ਸਨ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ ਨੇ ਗੱਡੀ ਭਜਾ ਲਈ। ਕੁਝ ਦੂਰੀ ’ਤੇ ਜਾਮ ਹੋਣ ਕਰ ਕੇ ਗੱਡੀ ਅੱਗੇ ਰੁਕ ਗਈ, ਜਿਸ ਤੋਂ ਬਾਅਦ ਉਹ ਗੱਡੀ ਕੋਲ ਪਹੁੰਚਿਆ ਅਤੇ ਉਸ ਨੇ ਚਾਲਕ ਤੇ ਦੂਜੇ ਵਿਅਕਤੀ ਨੂੰ ਮਾਸਕ ਨਾ ਪਾਉਣ ਤੇ ਸੀਟ ਬੈਲਟ ਨਾ ਲਾਉਣ ਬਾਰੇ ਪੁੱਛਿਆਂ ਤਾਂ ਉਹ ਭੜਕ ਗਏ। ਇਸ ਦੌਰਾਨ ਉਨ੍ਹਾਂ ਦੋਨਾਂ ਨੇ ਉਸ ਨੂੰ ਕਾਰ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਹ ਖਿੜਕੀ ’ਤੇ ਲਟਕ ਗਿਆ ਅਤੇ ਚਾਲਕ ਨੇ ਗੱਡੀ ਭਜਾ ਲਈ। ਰਾਹਗੀਰਾਂ ਨੇ ਕਿਸੇ ਤਰ੍ਹਾਂ ਉਸ ਨੂੰ ਛੁਡਾਇਆ। ਉਸ ਨੇ ਦੱਸਿਆ ਕਿ ਕਾਰ ਚਾਲਕ ਉਸ ਦੀ ਕੁੱਟਮਾਰ ਤੇ ਵਰਦੀ ਪਾੜ ਫਰਾਰ ਹੋ ਗਿਆ। ਜਦਕਿ ਦੂਜੇ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਸੁਰੇਂਦਰ ਵਾਸੀ ਇਸ਼ਹਾਕ ਦੇ ਰੂਪ ਵਿੱਚ ਹੋਈ ਹੈ।