ਨਵੀਂ ਦਿੱਲੀ, 3 ਸਤੰਬਰ
Haryana Elections: ਸੰਸਦ ਮੈਂਬਰ ਸੰਜੇ ਸਿੰਘ ਨੇ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਹਰਿਆਣਾ ਚੋਣਾਂ ਲਈ ਗਠਜੋੜ ਬਾਰੇ ਕਥਿਤ ਬਿਆਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪਾਰਟੀ ਦੇ ਹਰਿਆਣਾ ਇੰਚਾਰਜ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸੂਚਿਤ ਕਰਨ ਤੋਂ ਬਾਅਦ ਇਸ ਬਾਰੇ ਅੰਤਿਮ ਫੈਸਲਾ ਲੈਣਗੇ। ਸੰਜੇ ਸਿੰਘ ਨੇ ਕਿਹਾ ਕਿ ਅਸੀਂ ਇਸ ਦਾ ਸੁਆਗਤ ਕਰਦੇ ਹਾਂ, ਸਾਡੀ ਤਰਜੀਹ ਭਾਜਪਾ ਨੂੰ ਹਰਾਉਣਾ ਹੈ… ਸਾਡੇ ਹਰਿਆਣਾ ਇੰਚਾਰਜ ਸੰਦੀਪ ਪਾਠਕ ਅਤੇ ਸੁਸ਼ੀਲ ਗੁਪਤਾ ਇਸ ਬਾਰੇ ਵਿਚਾਰ ਵਟਾਂਦਰਾ ਕਰਨਗੇ ਅਤੇ ਅੰਤਿਮ ਫੈਸਲਾ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਇਸ ਬਾਰੇ ਸੂਚਿਤ ਕਰਨਗੇ ਅਤੇ ਉਸ ਅਨੁਸਾਰ ਫੈਸਲਾ ਲਿਆ ਜਾਵੇਗਾ।
ਸੂਤਰਾਂ ਅਨੁਸਾਰ ਰਾਹੁਲ ਨੇ ਸੋਮਵਾਰ ਨੂੰ ਕੌਮੀ ਰਾਜਧਾਨੀ ’ਚ ਪਾਰਟੀ ਦੀ ਚੌਣ ਕਮੇਟੀ ਦੀ ਬੈਠਕ ਦੌਰਾਨ ਆਗਾਮੀ ਹਰਿਆਣਾ ਵਿਧਾਨ ਸਭਾ ਚੋਣਾਂ ਲਈ ‘ਆਪ’ ਨਾਲ ਗਠਜੋੜ ਦੀ ਸੰਭਾਵਨਾ ਬਾਰੇ ਹਰਿਆਣਾ ਕਾਂਗਰਸ ਦੇ ਆਗੂਆਂ ਤੋਂ ਰਾਏ ਮੰਗੀ ਹੈ।
ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਹਰਿਆਣਾ ਵਿਧਾਨ ਸਭਾ ਦੀਆਂ ਸਾਰੀਆਂ 90 ਸੀਟਾਂ ‘ਤੇ ਆਪਣੇ ਪੱਧਰ ‘ਤੇ ਚੋਣ ਲੜੇਗੀ।
ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਉਹ ‘ਆਪ’ ਨੂੰ ਸਿਰਫ਼ ਤਿੰਨ ਤੋਂ ਚਾਰ ਸੀਟਾਂ ਦੇ ਸਕਦੇ ਹਨ, ਜੋ ਜ਼ਿਆਦਾ ਮੰਗ ਕਰ ਰਹੀ ਸੀ ਅਤੇ ਇਸ ਤਰ੍ਹਾਂ ਗਠਜੋੜ ਕਰਨਾ ਮੁਸ਼ਕਲ ਹੈ।
ਸੂਤਰਾਂ ਨੇ ਦਾਅਵਾ ਕੀਤਾ ਕਿ ਹੁੱਡਾ ਨੂੰ ਗੜ੍ਹੀ ਸਾਂਪਲਾ ਕਿਲੋਈ ਹਲਕੇ ਤੋਂ ਉਮੀਦਵਾਰ ਬਣਾਇਆ ਜਾਵੇਗਾ, ਜਦਕਿ ਸੂਬਾ ਪ੍ਰਧਾਨ ਉਦੈਭਾਨ ਨੂੰ ਹੋਡਲ ਹਲਕੇ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਮੀਟਿੰਗ ਦੌਰਾਨ ਪਾਰਟੀ ਨੇ ਵਿਨੇਸ਼ ਫੋਗਾਟ ਅਤੇ ਰਾਜ ਸਭਾ ਮੈਂਬਰ ਕੁਮਾਰੀ ਸ਼ੈਲਜਾ ਅਤੇ ਰਣਦੀਪ ਸੁਰਜੇਵਾਲਾ ਦੀਆਂ ਸੰਭਾਵਿਤ ਉਮੀਦਵਾਰੀਆਂ ਬਾਰੇ ਕੋਈ ਚਰਚਾ ਨਹੀਂ ਕੀਤੀ ਗਈ।
ਸੀਈਸੀ ਦੀ ਮੀਟਿੰਗ ਵਿੱਚ ਕਾਂਗਰਸ ਨੇ ਰਾਜ ਦੀਆਂ ਸਾਰੀਆਂ 90 ਸੀਟਾਂ ਦੇ ਉਮੀਦਵਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ 49 ਸੀਟਾਂ ‘ਤੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਨੇ ਅਜੇ ਬਾਕੀ 41 ਸੀਟਾਂ ਲਈ ਉਮੀਦਵਾਰਾਂ ਦੇ ਨਾਮ ਨੂੰ ਅੰਤਿਮ ਰੂਪ ਦੇਣਾ ਹੈ। -ਏਐੱਨਆਈ