ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 2 ਜਨਵਰੀ
ਹਰਿਆਣਾ ਸਰਕਾਰ ਵੱਲੋਂ ਓਮੀਕਰੋਨ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮਹਾਮਾਰੀ ਅਲਰਟ ਸੁਰੱਖਿਅਤ ਹਰਿਆਣਾ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਨਰਾਇਣਗੜ੍ਹ ਦੇ ਪੁਲੀਸ ਪ੍ਰਸ਼ਾਸਨ ਵੱਲੋਂ ਐਸਡੀਐੱਮ ਨੀਰਜ ਕੁਮਾਰ,ਡੀਐੱਸਪੀ ਅਨਿਲ ਕੁਮਾਰ ਦੀ ਅਗਵਾਈ ਹੇਠ ਨਰਾਇਣਗੜ੍ਹ ਦੇ ਮਿੰਨੀ ਸਕੱਤਰੇਤ ਤੋਂ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਨਰਾਇਣਗੜ੍ਹ ਦੇ ਮਿਨੀ ਸਕੱਤਰੇਤ ਤੋਂ ਸ਼ੁਰੂ ਹੋ ਕੇ ਨੇਤਾ ਜੀ ਸੁਭਾਸ਼ ਚੌਕ, ਲੋਟੋਂ ਚੁੰਗੀ, ਅਗਰਸੈਨ ਚੌਕ, ਮੁੱਖ ਬਾਜ਼ਾਰ, ਖਾਲਸਾ ਚੌਕ, ਅੰਬੇਡਕਰ ਚੌਕ, ਹੁਸੈਨੀ ਮੋੜ, ਨਵਾਂ ਬੱਸ ਅੱਡਾ ਸਣੇ ਕਈ ਥਾਂਵਾਂ ਤੋਂ ਹੁੰਦਾ ਹੋਇਆ ਮੁੜ ਮਿਨੀ ਸਕੱਤਰੇਤ ਵਿੱੱਚ ਆ ਕੇ ਪਹੁੰਚਿਆ। ਪ੍ਰਸ਼ਾਸਨ ਨੇ ਲੋਕਾਂ ਨੂੰ ਮਾਸਕ ਦੀ ਵਰਤੋਂ ਕਰਨ ਤੇ ਦੋ ਗਜ਼ ਦੀ ਦੂਰੀ ਬਣਾਈ ਰੱਖਣ ਦੇ ਨਾਲ ਨਾਲ ਮਹਾਮਾਰੀ ਦੇ ਨਿਯਮਾਂ ਦਾ ਪਾਲਣ ਕਰਨ ਦੀ ਗੱਲ ਆਖੀ। ਐੱਸਡੀਐੱਮ ਨੀਰਜ ਦਾ ਕਹਿਣਾ ਸੀ ਕਿ ਰਾਤ 11 ਤੋਂ ਸਵੇਰੇ 5 ਵੱਜੇ ਤੱਕ ਨਾਈਟ ਕਰਫਿਊ ਰਹੇਗਾ ਅਤੇ ਸ਼ਾਮ 5 ਵਜੇ ਦੁਕਾਨਾਂ ਬੰਦ ਹੋ ਜਾਣਗੀਆਂ। ਉਨ੍ਹਾਂ ਦਾ ਕਹਿਣਾ ਸੀ ਕਿ ਸਰਵਜਨਕ ਥਾਂਵਾਂ, ਸਰਕਾਰੀ ਦਫ਼ਤਰਾਂ ਵਿੱਚ ਬਿਨਾਂ ਮਾਸਕ ਅਤੇ ਵੈਕਸੀਨ ਦੀ ਦੋਵੇਂ ਡੋਜ਼ਾਂ ਬਿਨਾਂ ਐਂਟਰੀ ਬੰਦ ਕੀਤੀ ਗਈ ਹੈ ਅਤੇ ਜਿਹੜਾ ਨਿਯਮਾਂ ਦਾ ਉਲੰਘਣ ਕਰੇਗਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।