ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 16 ਸਤੰਬਰ
ਜ਼ਿਲ੍ਹਾ ਪੁਲੀਸ ਕਪਤਾਨ ਵਰੁਣ ਸਿੰਗਲਾ ਦੇ ਆਦੇਸ਼ਾਂ ’ਤੇ ਜ਼ਿਲ੍ਹਾ ਪੁਲੀਸ ਵਿਧਾਨ ਸਭਾ ਚੋਣਾਂ ਸਬੰਧੀ ਚੌਕਸ ਹੈ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਥਾਣਾ ਸ਼ਾਹਬਾਦ, ਥਾਣਾ ਬਾਬੈਨ, ਲਾਡਵਾ, ਥਾਨੇਸਰ, ਕ੍ਰਿਸ਼ਨਾ ਗੇਟ, ਝਾਂਸਾ, ਇਸਮਾਈਲਾਬਾਦ ਥਾਣਾ ਇਲਾਕੇ ਵਿੱਚ ਨੀਮ ਫ਼ੌਜੀ ਬਲਾਂ ਨੇ ਫਲੈਗ ਮਾਰਚ ਕੀਤਾ। ਪੁਲੀਸ ਅਧਿਕਾਰੀਆਂ ਦੀ ਅਗਵਾਈ ਵਿੱਚ ਪੁਲੀਸ ਟੀਮ ਤੇ ਸੀਆਈਐੱਸਐੱਫ ਦੀਆਂ ਟੁਕੜੀਆਂ ਨੇ ਆਮ ਨਾਗਰਿਕਾਂ ਨੂੰ ਸ਼ਾਂਤਮਈ, ਨਿਰਪੱਖ ਤੇ ਆਜ਼ਾਦ ਚੋਣ ਪ੍ਰਕਿਰਿਆ ਵਿੱਚ ਪੁਲੀਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਪੁਲੀਸ ਦੇ ਬੁਲਾਰੇ ਮਨਜੀਤ ਪੰਚਾਲ ਨੇ ਦੱਸਿਆ ਕਿ ਜ਼ਿਲ੍ਹਾ ਕੁਰੂਕਸ਼ੇਤਰ ਵਿੱਚ ਵਿਧਾਨ ਸਭਾ ਚੋਣਾਂ ਸ਼ਾਂਤੀ ਪੂਰਵਕ ਤੇ ਨਿਰਪੱਖ ਢੰਗ ਨਾਲ ਕਰਵਾਉਣ ਤੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲੀਸ ਅਧਿਕਾਰੀਆਂ ਦੀ ਅਗਵਾਈ ਵਿੱਚ ਪੁਲੀਸ ਟੀਮਾਂ ਅਤੇ ਸੀਆਈਐੱਸਐੱਫ ਦੀਆਂ ਟੁਕੜੀਆਂ ਨੇ ਥਾਣਾ ਸ਼ਾਹਬਾਦ, ਬਾਬੈਨ, ਲਾਡਵਾ, ਥਾਨੇਸਰ, ਕ੍ਰਿਸ਼ਨਾ ਗੇਟ, ਝਾਂਸਾ ਤੇ ਥਾਣਾ ਇਸਮਾਈਲਾਬਾਦ ਇਲਾਕੇ ਵਿਚ ਫਲੈਗ ਮਾਰਚ ਕੀਤਾ। ਇਹ ਮਾਰਚ ਵੱਖ ਵੱਖ ਗਲੀਆਂ ਤੇ ਸੜਕਾਂ ਤੋਂ ਲੰਘਿਆ। ਪੁਲੀਸ ਨੇ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਬਿਨਾਂ ਕਿਸੇ ਡਰ ਭੈਅ ਤੋਂ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸਮਾਜ ਵਿਰੋਧੀ ਅਨਸਰ ਦੇ ਝਾਂਸੇ ’ਚ ਨਾ ਆਉਣ ਅਤੇ ਸ਼ੱਕੀ ਵਸਤੂ ਜਾਂ ਘਟਨਾ ਬਾਰੇ ਤੁਰੰਤ ਆਪਣੇ ਨੇੜਲੇ ਪੁਲੀਸ ਸਟੇਸ਼ਨ, ਚੌਕੀ ਜਾਂ ਪੁਲੀਸ ਕੰਟਰੋਲ ਰੂਮ ਨੂੰ ਸੂਚਿਤ ਕਰਨ।