ਕੁਲਵਿੰਦਰ ਕੌਰ
ਫਰੀਦਾਬਾਦ, 31 ਮਾਰਚ
ਫਰੀਦਾਬਾਦ ਪੁਲੀਸ ਨੇ ਆਈਟੀਬੀਪੀ ਦੀਆਂ ਦੋ ਕੰਪਨੀਆਂ ਦੇ ਨਾਲ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਚੋਣਾਂ ਦੌਰਾਨ ਸ਼ਾਂਤੀ ਬਣਾਈ ਰੱਖਣ ਲਈ ਜਾਗਰੂਕ ਕੀਤਾ। ਇਸ ਮੌਕੇ ਪੁਲੀਸ ਟੀਮ ਦੀਆਂ ਟੁੱਕੜੀਆਂ ਥਾਣਾ ਸਦਰ ਬੱਲਭਗੜ੍ਹ ਤੋਂ ਸ਼ੁਰੂ ਹੋ ਕੇ ਪਿੰਡ ਸ਼ਾਹਪੁਰ, ਸਨਪੇੜ, ਦੇਗ, ਫਤਹਿਪੁਰ ਬਿਲੋਚ, ਪਿੰਡ ਅਤਰਨਾ, ਮੋਹਾਣਾ, ਛਾਉਣੀ, ਦਿਆਲਪੁਰ, ਮੱਛਰਗੜ੍ਹ, ਚਾਂਦਵਾਲੀ, ਗੜ੍ਹਖੇੜਾ ਨਰਹਾਵਾਲੀ, ਨਰਿਆਲਾ, ਹੀਰਾਪੁਰ, ਪੰਜੇੜਾ ਖੁਰਦ, ਆੜੂਆ ਤੋਂ ਹੁੰਦੇ ਹੋਏ ਗਾਜ਼ੀਪੁਰਖਾਦਰ ਤੋਂ ਬਾਅਦ ਚਾਂਦਪੁਰ, ਮੋਟੂਕਾ, ਪਿੰਡ ਫਜੂਪੁਰ, ਕੋਰਾਲੀ, ਤਿਗਾਂਵ ਮੇਨ ਬਾਜ਼ਾਰ, ਨਵਾਦਾ, ਮੁਜੇਦੀ, ਤਿਗਾਂਵ ਪੁਲ, ਮਲੇਰਨਾ ਰੋਡ, ਗੁਪਤਾ ਹੋਟਲ, ਅੰਬੇਡਕਰ ਚੌਕ, ਤਿਗਾਂਵ ਰੋਡ, ਪੁਲੀਸ ਚੌਕੀ ਸੈਕਟਰ 3 ਤੋਂ ਹੁੰਦਾ ਹੋਇਆ ਮਿਲਨ ਚੌਕ ਤੋਂ ਚਾਂਦਵਾਲੀ ਪੁਲ ਪਹੁੰਚੀਆਂ। ਪੁਲੀਸ ਸਟੇਸ਼ਨ ਸੈਕਟਰ 8 ਤੋਂ ਇਸ ਤਰ੍ਹਾਂ ਇਹ ਫਲੈਗ ਮਾਰਚ ਬੱਲਭਗੜ੍ਹ ਜ਼ੋਨ ਦੇ ਪਿੰਡ ਵਿੱਚ ਕੱਢਿਆ ਗਿਆ। ਫਲੈਗ ਮਾਰਚ ਦੌਰਾਨ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਚੋਣਾਂ ਦੌਰਾਨ ਕੁਝ ਸਮਾਜ ਵਿਰੋਧੀ ਅਨਸਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ, ਇਸ ਲਈ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਅਤੇ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਪੁਲੀਸ ਦਾ ਸਹਿਯੋਗ ਕਰਨ। ਚੋਣਾਂ ਦੌਰਾਨ ਲੋਕਾਂ ਨੂੰ ਨਸ਼ਾ ਤਸਕਰਾਂ ’ਤੇ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਅਪਰਾਧ ਦੀ ਸੂਚਨਾ ਮਿਲਦੀ ਹੈ ਤਾਂ ਉਹ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦੇਣ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਪੁਲੀਸ ਦਾ ਸਹਿਯੋਗ ਕਰਨ|