ਪਤਰ ਪ੍ਰੇਰਕ
ਰਤੀਆ, 3 ਸਤੰਬਰ
ਪਿੰਡ ਖੁੰਨਣ ਅਤੇ ਨਾਗਪੁਰ ਦੇ ਨੇੜੇ ਨਾਜਾਇਜ਼ ਚੱਲ ਰਹੀ ਇਕ ਫੈਕਟਰੀ ਵਿੱਚ ਅੱਜ ਸੀਐੱਮ ਸਕੁਐਡ ਦੀ ਟੀਮ ਨੇ ਛਾਪਾ ਮਾਰ ਕੇ ਉਥੋਂ ਕੀਟਨਾਸ਼ਕਾਂ ਦੇ ਸੈਂਪਲ ਲਏ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਉੱਡਣ ਦਸਤੇ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਨਾਗਪੁਰ ਵਿੱਚ ਇੱਕ ਕੀਟਨਾਸ਼ਕ ਦਵਾਈਆਂ ਦੀ ਫੈਕਟਰੀ ਚਲਾਈ ਜਾ ਰਹੀ ਹੈ| ਜਿਸ ’ਤੇ ਕਾਰਵਾਈ ਕਰਦਿਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਉਕਤ ਫੈਕਟਰੀ ਦੇ ਮਾਲਕ ਨੂੰ ਬੁਲਾ ਕੇ ਸਬੰਧਤ ਦਸਤਾਵੇਜ਼ ਦਿਖਾਉਣ ਲਈ ਆਖਿਆ ਪ੍ਰੰਤੂ ਉਹ ਇੱਕਾ ਦੁੱਕਾ ਕਾਗਜ਼ ਪੱਤਰ ਤੋਂ ਇਲਾਵਾ ਹੋਰ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ| ਪੁਲੀਸ ਨੇ ਖੇਤੀਬਾੜੀ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਫੈਕਟਰੀ ਮਾਲਕਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਆਰੰਭ ਦਿੱਤੀ ਹੈ|