ਪੱਤਰ ਪ੍ਰੇਰਕ
ਰਤੀਆ, 3 ਜੁਲਾਈ
ਰਤੀਆ ਵਿਚ ਦਵਾਈਆਂ ਦੀਆਂ ਦੁਕਾਨਾਂ ਤੇ ਨਸ਼ੀਲੀਆਂ ਗੋਲੀਆਂ ਵੇਚੇ ਜਾਣ ਦੀ ਸ਼ਿਕਾਇਤ ਮਿਲਣ ’ਤੇ ਸੀ.ਐਮ ਫਲਾਇੰਗ ਸਕੁਐਡ ਦੀ ਇਕ ਟੀਮ ਵੱਲੋਂ ਜ਼ਿਲ੍ਹਾ ਡਰੱਗ ਕੰਟਰੋਲਰ ਅਫ਼ਸਰ ਨੂੰ ਨਾਲ ਲੈ ਕੇ ਟੋਹਾਣਾ ਰੋਡ ਤੇ ਸਥਿਤ ਇਕ ਮੈਡੀਕਲ ਸਟੋਰ ’ਤੇ ਛਾਪਾ ਮਾਰ ਕੇ ਕਾਰਵਾਈ ਕੀਤੀ ਗਈ।
ਇਸ ਕਾਰਵਾਈ ਦੌਰਾਨ ਕੋਈ ਨਸ਼ੀਲੀ ਦਵਾਈ ਤਾਂ ਨਹੀਂ ਮਿਲੀ ਪਰ ਦਰਦ ਨਿਵਾਰਕ ਗੋਲੀਆਂ ਦਾ ਕੋਈ ਸੇਲ ਪਰਚੇਜ਼ ਦਾ ਰਿਕਾਰਡ ਨਾ ਮਿਲਣ ’ਤੇ ਦੁਕਾਨਦਾਰ ਨੂੰ ਨੋਟਿਸ ਦਿੱਤਾ ਗਿਆ। ਇਸ ਕਾਰਵਾਈ ਦੌਰਾਨ ਦੁਕਾਨ ਦਾ ਫਾਰਮਾਸਿਸਟ ਮੌਕੇ ’ਤੇ ਪਹੁੰਚ ਗਿਆ ਅਤੇ ਉਸ ਨੇ ਦੁਕਾਨ ਸੰਚਾਲਕ ਤੋਂ ਆਪਣਾ ਮੈਡੀਕਲ ਰਜਿਸਟ੍ਰੇਸ਼ਨ ਵਾਪਸ ਲੈ ਲਿਆ। ਜਿਸ ਤੋਂ ਬਾਅਦ ਟੀਮ ਨੇ ਮੈਡੀਕਲ ਨੂੰ ਸੀਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਐਮ ਫਲਾਇੰਗ ਸਕੁਐਡ ਨੂੰ ਪਿਛਲੇ ਕਾਫ਼ੀ ਦਿਨਾਂ ਤੋਂ ਸੂਚਨਾ ਮਿਲ ਰਹੀ ਸੀ ਕਿ ਰਤੀਆ ਦੇ ਕੁਝ ਮੈਡੀਕਲ ਸਟੋਰਾਂ ’ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਕੀਤੀ ਜਾ ਰਹੀ ਹੈ। ਡਰੱਗ ਕੰਟਰੋਲਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਤੱਕ ਉਕਤ ਮੈਡੀਕਲ ਸਟੋਰ ਤੋਂ ਮਿਲੀਆਂ ਦਵਾਈਆਂ ਦਾ ਸੇਲ ਪਰਚੇਜ਼ ਦਾ ਰਿਕਾਰਡ ਅਤੇ ਹੋਰ ਦਸਤਾਵੇਜ਼ਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਤਦ ਤੱਕ ਮੈਡੀਕਲ ਸਟੋਰ ’ਤੇ ਸੀਲ ਲੱਗੀ ਰਹੇਗੀ। ਸੀ.ਐਮ ਫਲਾਇੰਗ ਸਕਾਇਡ ਹਿਸਾਰ ਜੋਨ ਦੇ ਇੰਚਾਰਜ ਐਸ.ਆਈ ਚੰਦਰ ਭਾਨ, ਏ.ਐਸ.ਆਈ ਸੁਰਿੰਦਰ ਸਿੰਘ, ਅਨਿਲ ਕੁਮਾਰ ਦੀ ਟੀਮ ਨੇ ਡਰੱਗ ਕੰਟਰੋਲ ਅਫ਼ਸਰ ਫਤਿਆਬਾਦ ਦਿਨੇਸ਼ ਕੁਮਾਰ ਨੂੰ ਨਾਲ ਲੈ ਕੇ ਟੋਹਾਣਾ ਰੋਡ ਤੇ ਇਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਸੀ। ਦੁਕਾਨ ਦਾ ਫਾਰਮਾਸਿਸਟ ਦਿਨੇਸ਼ ਕੁਮਾਰ ਵੀ ਮੌਕੇ ਤੇ ਪਹੁੰਚ ਗਿਆ ਅਤੇ ਉਸ ਨੇ ਟੀਮ ਅੱਗੇ ਦੱਸਿਆ ਕਿ ਉਹ ਉਕਤ ਮੈਡੀਕਲ ਸਟੋਰ ਦਾ ਰਜਿਸਟ੍ਰੇਸ਼ਨ ਵਿਡਰਾਅ ਕਰ ਰਿਹਾ ਹੈ। ਕਾਗਜੀ ਕਾਰਵਾਈ ਕਰਕੇ ਸਟੋਰ ਨੂੰ ਅਗਲੇ ਆਦੇਸ਼ਾਂ ਤੱਕ ਸੀਲ ਕਰ ਦਿੱਤਾ ਹੈ।