ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਨਵੰਬਰ
ਜ਼ਿਲ੍ਹਾ ਸਿਵਲ ਸਰਜਨ ਡਾ. ਸੁਖਬੀਰ ਸਿੰਘ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਤੇ ਰੋਕਥਾਮ ਲਈ ਜ਼ਿਲ੍ਹਾ ਮਲੇਰੀਆ ਵਿਭਾਗ, ਨਗਰ ਪ੍ਰੀਸ਼ਦ ਦੇ ਮਾਧਿਅਮ ਰਾਹੀਂ ਫੌਗਿੰਗ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਘਰਾਂ ਵਿੱਚ ਐਂਟੀ ਲਾਰਵਾ ਐਕਟੀਵਿਟੀ, ਸੋਰਸ ਰਿਡਕਸ਼ਨ ਐਕਟੀਵਿਟੀ, ਗਮਲਿਆਂ, ਕੂਲਰਾਂ ਤੇ ਅਜਿਹੇ ਭਾਂਡਿਆਂ ਜਿਨ੍ਹਾਂ ਵਿੱਚ ਵਿਅਰਥ ਪਾਣੀ ਖੜ੍ਹਾ ਹੈ, ਉਨ੍ਹਾਂ ਨੂੰ ਖਾਲੀ ਕਰਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਥਾਨੇਸਰ, ਲਾਡਵਾ, ਸ਼ਾਹਬਾਦ ਤੇ ਪਿਹੋਵਾ ਵਿੱਚ 25 ਸਿਹਤ ਟੀਮਾਂ ਵੱਲੋਂ ਡੇਂਗੂ ਦੇ ਅੱਜ ਤੱਕ ਕੁੱਲ 2928 ਸੈਂਪਲ ਲਏ ਗਏ ਹਨ। ਇਨ੍ਹਾਂ ਵਿੱਚੋਂ ਅੱਜ 99 ਡੇਂਗੂ ਦੇ ਨਮੂਨੇ ਲਏ ਗਏ ਤੇ ਤਿੰਨ ਕੇਸ ਐਕਟਿਵ ਮਿਲੇ। ਜ਼ਿਲ੍ਹੇ ਵਿੱਚ ਕੁੱਲ 249 ਡੇਂਗੂ ਦੇ ਐਕਟਿਵ ਕੇਸਾਂ ਵਿੱਚ 228 ਮਰੀਜ਼ ਰਿਕਵਰ ਹੋ ਚੁੱਕੇ ਹਨ। ਉਨਾਂ ਕਿਹਾ ਕਿ ਵਿਭਾਗ ਵੱਲੋਂ 13,78,983 ਘਰਾਂ ਨੂੰ ਚੈਕ ਕੀਤਾ ਜਾ ਚੁੱਕਿਆ ਹੈ।