ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਅਗਸਤ
ਪਰਿਵਾਰ ਨੇ ਇਨਸਾਫ਼ ਲੈਣ ਲਈ ਆਪਣੀ ਧੀ ਦੀ ਲਾਸ਼ ਬਾਬੈਨ ਦੇ ਸੁਨਾਰੀਆ ਚੌਕ ’ਚ ਰੱਖ ਕੇ ਜਾਮ ਲਾ ਦਿੱਤਾ। ਪਰਿਵਾਰ ਨੇ ਝਾਂਸਾ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਵਿਰੁੱਧ ਪ੍ਰਦਰਸ਼ਨ ਕੀਤਾ ਤੇ ਸਹੁਰਾ ਪਰਿਵਾਰ ’ਤੇ ਉਨ੍ਹਾਂ ਦੀ ਧੀ ਦੀ ਹੱਤਿਆ ਦਾ ਦੋਸ਼ ਲਾਇਆ ਹੈ। ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਬਾਬੈਨ ਥਾਣਾ ਇੰਚਾਰਜ ਸ਼ੁਭਮ ਕੁਮਾਰ, ਡੀਐੱਸਪੀ ਸ਼ਾਹਬਾਦ ਰਣਧੀਰ ਸਿੰਘ, ਲਾਡਵਾ ਥਾਣਾ ਇੰਚਾਰਜ ਪ੍ਰੇਮ ਚੰਦ, ਸ਼ਾਹਬਾਦ ਥਾਣਾ ਇੰਚਾਰਜ ਰਾਜ ਪਾਲ ਪੁਲੀਸ ਫੋਰਸ ਨਾਲ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਪਰਿਵਾਰ ਨੂੰ ਲਾਸ਼ ਹਟਾਉਣ ਅਤੇ ਜਾਮ ਖੋਲ੍ਹਣ ਦੀ ਅਪੀਲ ਕੀਤੀ ਪਰ ਪ੍ਰਦਰਸ਼ਨਕਾਰੀ ਇਸ ਗੱਲ ’ਤੇ ਅੜੇ ਰਹੇ ਕਿ ਜਦੋਂ ਤੱਕ ਰੇਸ਼ਮਾ ਦੇ ਪਤੀ ਅਕਰਮ ਉਰਫ ਮੋਨੂੰ, ਸੱਸ ਸੁਖੋ, ਸਹੁਰਾ ਯਾਮਿਨ, ਜੇਠ ਸੋਨੂੰ ਅਤੇ ਦਿਓਰ ਮੋਹਿਤ ਸਣੇ ਪਰਿਵਾਰ ਦੇ ਹੋਰ ਲੋਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਜਾਮ ਨਹੀਂ ਖੋਲ੍ਹਿਆ ਜਾਵੇਗਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲੀਸ ਨੇ ਹਰਕਤ ’ਚ ਆਉਂਦਿਆਂ ਰੇਸ਼ਮਾ ਦੇ ਸਹੁਰਾ ਪਰਿਵਾਰ ਨੂੰ ਥਾਣਾ ਝਾਂਸਾ ਵਿੱਚ ਬੁਲਾ ਕੇ ਵੀਡੀਓ ਕਾਲਿੰਗ ਰਾਹੀਂ ਰੇਸ਼ਮਾ ਦੀ ਮਾਂ ਤੇ ਹੋਰ ਲੋਕਾਂ ਨੂੰ ਦਿਖਾਇਆ। ਉਸ ਤੋਂ ਬਾਅਦ ਪਰਿਵਾਰ ਨੇ ਜਾਮ ਖੋਲ੍ਹਿਆ। ਮ੍ਰਿਤਕਾ ਦੇ ਪਿਤਾ ਸਬਰਾਤੀ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ 8-9 ਸਾਲ ਪਹਿਲਾਂ ਅਕਰਮ ਉਰਫ ਮੋਨੂੰ ਪੁੱਤਰ ਯਾਸੀਨ ਵਾਸੀ ਸ਼ਾਂਤੀ ਨਗਰ ਕੁਰੜੀ ਥਾਣਾ ਝਾਸਾਂ ਨਾਲ ਹੋਇਆ ਸੀ। ਰੇਸ਼ਮਾ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ। ਬੀਤੀ 22 ਅਗਸਤ ਨੂੰ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਰੇਸ਼ਮਾ ਦੀ ਮੌਤ ਹੋ ਗਈ ਹੈ। ਸੂਚਨਾ ਮਿਲਣ ’ਤੇ ਜਦੋਂ ਉਹ ਸ਼ਾਂਤੀ ਨਗਰ ਪੁੱਜੇ ਤਾਂ ਦੇਖਿਆ ਕਿ ਰੇਸ਼ਮਾ ਦੇ ਗਲੇ ਵਿੱਚ ਫਾਹਾ ਲਾ ਕੇ ਉਸ ਦੀ ਹੱਤਿਆ ਕੀਤੀ ਗਈ ਹੈ। ਬਾਬੈਨ ਦੇ ਥਾਣਾ ਇੰਚਾਰਜ ਏਐੱਸਪੀ ਸ਼ੁਭਮ ਕੁਮਾਰ ਦਾ ਕਹਿਣਾ ਹੈ ਕਿ ਪੁਲੀਸ ਸਹੁਰਾ ਪਰਿਵਾਰ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।