ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 28 ਜੁਲਾਈ
ਸਿੱਖਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਸੰਗਤ ਨੇ ਸਿੱਖ ਮਹਾਪੰਚਾਇਤ ਨੂੰ ਸਫਲ ਬਣਾਉਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ’ਤੇ ਦਬਾਅ ਪਾਉਣ ਦੀ ਤਿਆਰੀ ਕਰ ਲਈ ਹੈ। ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਮਾਨ) ਦੇ ਸੂਬਾਈ ਪ੍ਰਧਾਨ ਗੁਨੀ ਪ੍ਰਕਾਸ਼ ਵਲੋਂ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਤੋਂ ਨਾਰਾਜ਼, ਵੱਖ-ਵੱਖ ਸਿੱਖ ਸੰਗਠਨ ਪੂਰੀ ਤਰ੍ਹਾਂ ਜ਼ੋਰ-ਸ਼ੋੋਰ ਨਾਲ ਸਿੱਖ ਮਹਾਪੰਚਾਇਤ ਦੀ ਤਿਆਰੀ ਵਿੱਚ ਜੁਟ ਗਏ ਹਨ। ਇਸ ਮਹਾਪੰਚਾਇਤ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਅੰਦੋਲਨ ਦਾ ਬਿਗਲ ਵਜਾਇਆ ਜਾਵੇਗਾ। ਕੁਰੂਕਸ਼ੇਤਰ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ ਇੱਕ ਅਗਸਤ ਨੂੰ ਹੋਣ ਵਾਲੀ ਇਸ ਸਿੱਖ ਮਹਾਂਪੰਚਾਇਤ ਨੂੰ ਸਫਲ ਬਣਾਉਣ ਲਈ 21 ਮੈਂਬਰੀ ਕਮੇਟੀ ਬਣਾਈ ਗਈ ਹੈ। ਇੰਨਾ ਹੀ ਨਹੀਂ, ਸਿੱਖ ਮਹਾਂਪੰਚਾਇਤ ਵਿੱਚ ਵੱਧ ਤੋਂ ਵੱਧ ਸੰਗਤ ਨੂੰ ਇਕੱਤਰ ਕਰਨ ਦੇ ਉਦੇਸ਼ ਨਾਲ ਇਸ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਵੱਖ-ਵੱਖ ਟੀਮਾਂ ਨੂੰ ਸੌਂਪੀ ਗਈ ਹੈ। ਇਹ ਟੀਮਾਂ, 21 ਮੈਂਬਰੀ ਕਮੇਟੀ ਦੇ ਨਾਲ, ਹਰਿਆਣਾ ਵਿਚ ਸਿੱਖ ਸੰਗਤ ਦੇ ਨਾਲ ਨਾਲ 36 ਬਿਰਾਦਰੀਆਂ ਦੇ ਨੁਮਾਇੰਦਿਆਂ ਨੂੰ ਸਿੱਖ ਮਹਾਪੰਚਾਇਤ ਵਿਚ ਸ਼ਾਮਲ ਹੋਣ ਲਈ ਸੱਦਾ ਦੇਣਗੀਆਂ। ਇਹ ਫੈਸਲਾ ਅੱਜ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿੱਚ ਸਿੱਖ ਜੱਥੇਬੰਦੀਆਂ ਅਤੇ ਸੰਗਤ ਦੀ ਮੀਟਿੰਗ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ। ਸਿੱਖ ਪਰਿਵਾਰ ਹਰਿਆਣਾ ਦੇ ਸੂਬਾਈ ਪ੍ਰਧਾਨ ਕਵਲਜੀਤ ਸਿੰਘ ਅਜਰਾਨਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿਚ ਭਾਰਤੀ ਕਿਸਾਨ ਯੂਨੀਅਨ ਹਰਿਆਣਾ (ਮਾਨ) ਦੇ ਸੂਬਾਈ ਪ੍ਰਧਾਨ ਨੇ ਸਿਖਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਇਸ ਸਬੰਧ ਵਿਚ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਥੇਦਾਰ ਤਜਿੰਦਰਪਾਲ ਸਿੰਘ ਲਾਡਵਾ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਸਰਕਾਰ ਸੱਤਾ ਵਿੱਚ ਆਈ ਹੈ, ਸਿੱਖ ਅਤੇ ਘੱਟ ਗਿਣਤੀਆਂ ’ਤੇ ਅੱਤਿਆਚਾਰ ਕੀਤੇ ਜਾ ਰਹੇ ਹਨ। ਅੰਤਰਰਾਸ਼ਟਰੀ ਕਥਾਵਾਚਕ ਗਿਆਨੀ ਤੇਜਪਾਲ ਸਿੰਘ ਨੇ ਮੰਗ ਕੀਤੀ ਕਿ ਗੁਨੀ ਪ੍ਰਕਾਸ਼ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕੀਤਾ ਜਾਵੇ। ਸਿੱਖ ਜੱਥੇਬੰਦੀ ਦੇ ਨੁਮਾਇੰਦੇ ਮਹਿੰਦਰ ਸਿੰਘ, ਸ਼੍ਰ੍ੋਮਣੀ ਕਮੇਟੀ ਸਬ ਦਫਤਰ ਦੇ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਹਾ, ਇੰਚਾਰਜ ਪਰਮਜੀਤ ਸਿੰਘ ਦੁਨੀਆ ਮਾਜਰਾ, ਸ਼੍ਰੋਮਣੀ ਅਕਾਲੀ ਦਲ ਕੁਰੂਕਸ਼ੇਤਰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤਜਿੰਦਰ ਸਿੰਘ ਮੱਕੜ, ਸੁਖਬੀਰ ਸਿੰਘ, ਗੁਰਮੀਤ ਸਿੰਘ, ਜਸਬੀਰ ਸਿੰਘ ਹਾਜ਼ਰ ਸਨ।