ਪੱਤਰ ਪ੍ਰੇਰਕ
ਯਮੁਨਾਨਗਰ, 8 ਜਨਵਰੀ
ਯਮੁਨਾਨਗਰ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ’ਤੇ ਪਿਛਲੇ 5 ਦਿਨਾਂ ਤੋਂ ਜਾਰੀ ਈਡੀ ਦੀ ਛਾਪਾ ਸੋਮਵਾਰ ਦੁਪਹਿਰ ਨੂੰ ਦਿਲਬਾਗ ਸਿੰਘ ਦੀ ਗ੍ਰਿਫ਼ਤਾਰੀ ਨਾਲ ਖਤਮ ਹੋ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਸਾਬਕਾ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲੈ ਗਏ। ਦਿਲਬਾਗ ਸਿੰਘ ਤੋਂ ਕਰੋੜਾਂ ਰੁਪਏ ਅਤੇ ਕਈ ਕਿੱਲੋ ਸੋਨੇ ਦੀਆਂ ਇੱਟਾਂ ਦੀ ਬਰਾਮਦਗੀ ਦੀਆਂ ਖ਼ਬਰਾਂ ਮੀਡੀਆ ’ਚ ਆ ਰਹੀਆਂ ਸਨ, ਜਿਨ੍ਹਾਂ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ ਕਿਉਂਕਿ ਸੀਜ਼ਰ ਰਿਪੋਰਟ ’ਚ ਨਕਦੀ ਅਤੇ ਸੋਨੇ ਦੀਆਂ ਇੱਟਾਂ ਦਾ ਕੋਈ ਜ਼ਿਕਰ ਨਹੀਂ ਸੀ। ਸਾਬਕਾ ਵਿਧਾਇਕ ਦਿਲਬਾਗ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਰਿਵਾਰ ਨੂੰ ਦਿੱਤੀ ਗਈ ਜ਼ਬਤ ਰਿਪੋਰਟ ਵਿੱਚ ਸਿਰਫ਼ ਦੋ ਚਾਰ ਪਹੀਆ ਵਾਹਨ, 6 ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫ਼ੋਨ, ਪਰਿਵਾਰ ਦੀ ਜੱਦੀ ਜ਼ਮੀਨ ਦੇ ਦਸਤਾਵੇਜ਼ ਅਤੇ ਉਸ ਮਕਾਨ ਦੀ ਰਜਿਸਟਰੀ ਦਾ ਜ਼ਿਕਰ ਹੈ ਜਿਸ ਵਿੱਚ ਸਾਬਕਾ ਵਿਧਾਇਕ ਰਹਿ ਰਹੇ ਹਨ । ਸਾਬਕਾ ਵਿਧਾਇਕ ਦਿਲਬਾਗ ਸਿੰਘ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਦਿਆਂ ਹੀ ਦਿਲਬਾਗ ਸਿੰਘ ਦੇ ਹਜ਼ਾਰਾਂ ਸਮਰਥਕ ਪਾਰਟੀ ਦਫ਼ਤਰ ਵਿਖੇ ਇਕੱਠੇ ਹੋ ਗਏ । ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਵੱਡੇ ਭਰਾ ਰਾਜਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਉਨ੍ਹਾਂ ਦੇ ਘਰੋਂ ਕਰੋੜਾਂ ਰੁਪਏ ਦੀ ਨਕਦੀ ਅਤੇ ਕਈ ਕਿਲੋ ਸੋਨਾ ਬਰਾਮਦ ਹੋਣ ਦੀਆਂ ਖ਼ਬਰਾਂ ਝੂਠੀਆਂ ਅਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਗਈ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ । ਉਨ੍ਹਾਂ ਦੱਸਿਆ ਕਿ 2018 ਅਤੇ 2022 ਵਿੱਚ ਵੀ ਉਨ੍ਹਾਂ ’ਤੇ ਆਮਦਨ ਕਰ ਦਾ ਮੁਲਾਂਕਣ ਕੀਤਾ ਗਿਆ ਸੀ, ਦੋਵੇਂ ਵਾਰ ਸਬੰਧਤ ਵਿਭਾਗ ਨੂੰ ਕੁਝ ਨਹੀਂ ਮਿਲਿਆ ਅਤੇ ਹੁਣ ਵੀ ਵਿਭਾਗੀ ਅਧਿਕਾਰੀਆਂ ਨੂੰ ਕੁਝ ਨਹੀਂ ਮਿਲੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਦਿਲਬਾਗ ਸਿੰਘ ਅਤੇ ਉਸਦੇ ਪਰਿਵਾਰ ਬਾਰੇ ਮੀਡੀਆ ਵਿੱਚ ਝੂਠੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿਲਬਾਗ ਸਿੰਘ ਕੋਲੋਂ ਨਾ ਤਾਂ ਇੱਕ ਰੁਪਇਆ ਵੀ ਬਰਾਮਦ ਹੋਇਆ ਅਤੇ ਨਾ ਹੀ ਕੋਈ ਸੋਨੇ ਦੇ ਗਹਿਣੇ ਬਰਾਮਦ ਹੋਏ ਹਨ।