ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 23 ਅਗਸਤ
ਜੈਵਿਕ ਈਂਧਨ ਬਾਇਓ ਗੈਸ ਤੇ ਵਾਹਨਾਂ ਵਿੱਚ ਸੀਐੱਨਜੀ, ਬੀਸੀਜੀ ਗੈਸਾਂ ਦੇ ਇਸਤੇਮਾਲ ਨਾਲ ਜਿੱਥੇ ਦੇਸ਼ ਦੇ ਲੋਕਾਂ ਨੂੰ ਮਹਿੰਗੇ ਪੈਟਰੋਲ, ਡੀਜ਼ਲ ਤੇ ਐੱਲਪੀਜੀ ਗੈਸ ਤੋਂ ਮੁਕਤੀ ਮਿਲੇਗੀ। ਸੂਬੇ ਵਿੱਚ ਜੈਵਿਕ ਈਂਧਨ ਬਾਇਓ ਗੈਸ ਤੇ ਵਾਹਨਾਂ ਵਿੱਚ ਉਪਯੋਗ ਹੋਣ ਵਾਲੀ ਸੀਐੱਨਜੀ ਗੈਸਾਂ ਦਾ ਉਤਪਾਦਨ ਕਰਨ ਦੇ ਸਯੰਤਰ ਲੱਗਣ ਨਾਲ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਤੇ ਮਹਿਲਾਵਾਂ ਲਈ ਸਥਾਈ ਰੁਜ਼ਗਾਰ ਦੇ ਮੌਕੇ ਉਪਲੱਬਧ ਹੋਣਗੇ। ਇਨ੍ਹਾਂ ਪਲਾਟਾਂ ਦੇ ਲੱਗਣ ਨਾਲ ਲੋਕਾਂ ਨੂੰ ਪ੍ਰਦੂਸ਼ਣ ਤੋਂ ਮੁਕਤੀ ਮਿਲੇਗੀ ਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਸੁਰਖਿਅਤ ਰਹਿ ਸਕਾਂਗੇ। ਉਪਰੋਕਤ ਵਿਚਾਰ ਹਰੇਡਾ ਵਿਭਾਗ ਦੇ ਪ੍ਰਾਜੈਕਟ ਅਫਸਰ ਬਲਵਾਨ ਸਿੰਘ ਗੋਲਨ ਨੇ ਦੇਸ਼ ਦੇ ਅਗਾਂਹ ਵਧੂ ਸੀ ਐੱਨਜੀ ਬਾਇਓ ਗੈਸ ਪਲਾਂਟ ਨਿਰਮਾਣ ਕਰਨ ਵਾਲੀ ਕੰਪਨੀ ਆਰਜੀਐੱਮ ਫਿਊਚਰ ਵਿਜ਼ਨ 21 ਪ੍ਰਾਈਵੇਟ ਲਿਮਿਟਡ ਤੇ ਐੱਮਐੱਮਐੱਮ 7 ਦੇ ਸਾਂਝੇ ਉਦਮ ਨਾਲ ਪਿੰਡ ਗੂਹਣ ਵਿੱਚ ਲੱਗਣ ਵਾਲੇ ਸੀਐੱਨਜੀ ਤੇ ਬਾਇਓ ਗੈਸ ਪਲਾਂਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਆਰਜੀਐੱਮ ਪ੍ਰਮੁੱਖ ਰੌਸ਼ਨ ਲਾਲ ਰੰਗਾ ਨੇ ਕੀਤੀ। ਬਲਵਾਨ ਸਿੰਘ ਨੇ ਕਿਹਾ ਕਿ ਭਾਰਤ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦਾ ਉਤਪਾਦਨ ਨਹੀਂ ਹੁੰਦਾ ਤੇ ਦੇਸ਼ ਦੇ ਲੋਕਾਂ ਨੂੰ ਰੋਜ਼ਾਨਾ ਲੱਖਾਂ ਲਿਟਰ ਪੈਟਰੋਲ ਤੇ ਡੀਜ਼ਲ ਦੀ ਲੋੜ ਹੈ ਜੋ ਅਰਬ ਦੇਸ਼ਾਂ ਤੋਂ ਖਰ਼ੀਦਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਕੇਂਦਰ ਨੇ ਸੂਬਾ ਸਰਕਾਰਾਂ ਨਾਲ ਮਿਲ ਕੇ ਦੇਸ਼ ਵਿੱਚ ਹੀ ਸੀਐੱਨਜੀ ਤੇ ਬਾਇਓ ਗੈਸ ਬਣਾਉਣ ਦਾ ਫੈਸਲਾ ਲਿਆ ਹੈ। ਜਿਸ ਦੇ ਤਹਿਤ ਦੇਸ਼ ਦੇ ਹਰ ਸੂਬੇ ਵਿੱਚ ਵਿਧਾਨ ਸਭਾ ਪੱਧਰ ’ਤੇ ਉਚਿਤ ਦੂਰੀਆਂ ਤੇ 2, 2 ਪਲਾਂਟ ਲਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਪਲਾਂਟ ਦੇ ਲੱਗਣ ਨਾਲ ਇਸ ਖੇਤਰ ਦੀਆਂ ਤਮਾਮ ਫਸਲਾਂ ਦੇ ਵੇਸਟੀਜ਼ ਤੋਂ ਇਲਾਵਾ ਸੜਕਾਂ, ਨਦੀਆਂ , ਰੇਲਵੇ ਟਰੈਕਾਂ ਦੇ ਕੰਢੇ ਖੜੇ ਘਾਹ ਫੂਸ ਆਦਿ ਦਾ ਇਸਤੇਮਾਲ ਕੀਤਾ ਜਾਏਗਾ, ਜਿਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ।
ਸਵੱਛ ਭਾਰਤ ਮੁਹਿੰਮ ਨੂੰ ਮਿਲੇਗਾ ਹੁਲਾਰਾ
ਬਲਵਾਨ ਸਿੰਘ ਨੇ ਕਿਹਾ ਕਿ ਇਸ ਪਲਾਂਟ ਵਿਚ ਮੁਰਗੀਆਂ ਦੀ ਹੈਚਰੀ, ਪਸ਼ੂਆਂ ਦਾ ਗੋਬਰ ਤੇ ਹੋਰ ਕੂੜਾ ਇਸਤੇਮਾਲ ਕੀਤਾ ਜਾਏਗਾ।ਜਿਸ ਨਾਲ ਸਵੱਛ ਭਾਰਤ ਦੀ ਮੁਹਿੰਮ ਨੂੰ ਵੀ ਹੁਲਾਰਾ ਮਿਲੇਗਾ। ਉਨਾਂ ਕਿਹਾ ਕਿ ਇਸ ਪਲਾਂਟ ਨਾਲ 4,5 ਹਜਾਰ ਲੋਕਾਂ ਤੇ ਮਹਿਲਾਵਾਂ ਨੂੰ ਰੁਜਗਾਰ ਮਿਲੇਗਾ ਤੇ ਬੇਰੁਜਗਾਰੀ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ। ਆਰ ਜੀ ਐਮ ਪ੍ਰਮੁੱਖ ਰੋਸ਼ਨ ਲਾਲ ਰੰਗਾ ਨੇ ਕਿਹਾ ਕਿ ਉਨਾਂ ਦੀ ਟੀਮ ਪੂਰੇ ਦੇਸ਼ ਦੇ ਸੂਬਿਆਂ ਵਿਚ ਕੇਂਦਰ ਸਰਕਾਰ ਦੀ ਮਦਦ ਨਾਲ ਪਲਾਂਟ ਲਾਏਗੀ ਜਿਥੋਂ ਦੀਆਂ ਸਰਕਾਰਾਂ ਸਹਿਯੋਗ ਕਰਨਗੀਆਂ। ਕੇਂਦਰ ਸਰਕਾਰ ਵਲੋਂ ਇਸ ਲਈ ਕਰਜ ਤੇ ਸਬਸਿਡੀ ਦਿੱਤੀ ਜਾਏਗੀ। ਉਨਾਂ ਦਸਿੱਆ ਕਿ ਇਸ ਪਲਾਂਟ ਨੂੰ ਲਾਉਣ ਲਈ ਪੰਜ ਏਕੜ ਜਮੀਨ ਦੀ ਲੋੜ ਹੁੰਦੀ ਹੈ । ਇਸ ਮੌਕੇ ਖੇਤਰ ਦੇ ਲੋਕਾਂ ਤੋਂ ਇਲਾਵਾ ਦੇਸ਼ ਦੇ ਕਈ ਸੂਬਿਆਂ ਦੇ ਲੋਕਾਂ ਨੇ ਅੱਜ ਦੇ ਇਸ ਪ੍ਰੋਗਾਰਮ ਵਿਚ ਸ਼ਿਰਕਤ ਕੀਤੀ ਤੇ ਪਲਾਂਟ ਦੀਆਂ ਬਾਰੀਕੀਆਂ ਨੂੰ ਜਾਣਿਆ।