ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 8 ਨਵੰਬਰ
ਡੱਬਵਾਲੀ ਜ਼ਿਲ੍ਹਾ ਪੁਲੀਸ ਨੇ ਫਿਨਾਈਲ ਅਤੇ ਕੈਮੀਕਲ ਵੇਚਣ ਬਹਾਨੇ ਲੁੱਟਾਂ-ਖੋਹਾਂ ਕਰਨ ਵਾਲੇ ਅੰਤਰਰਾਜੀ ਲੁਟੇਰਾ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਸੀਆਈਏ ਤੇ ਪੁਲੀਸ ਨੇ ਪਿੰਡ ਖੂਈਆਂ ਮਲਕਾਣਾ ਵਿੱਚ ਬੀਤੀ ਚਾਰ ਨਵੰਬਰ ਨੂੰ ਕਰਿਆਣਾ ਦੁਕਾਨ ਤੋਂ ਲਗਪਗ 60 ਹਜ਼ਾਰ ਰੁਪਏ ਲੁੱਟ ਦੀ ਵਾਰਦਾਤ ਨੂੰ ਲਗਪਗ 80 ਘੰਟਿਆਂ ‘ਚ ਸੁਲਝਾ ਲਿਆ ਜਿਸ ਤਹਿਤ ਦੋ ਮੋਟਰਸਾਈਕਲਾਂ ਸਣੇ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ। ਗਰੋਹ ਨੇ ਸਿਰਸਾ ਸ਼ਹਿਰ, ਫਾਜ਼ਿਲਕਾ, ਅਰਜੁਨਸਰ ਤੇ ਬੀਕਾਨੇਰ ਵਿੱਚ ਵੀ ਵੱਖ-ਵੱਖ ਵਾਰਦਾਤਾਂ ਕਬੂਲੀਆਂ ਹਨ। ਡੱਬਵਾਲੀ ਦੇ ਐਸਪੀ ਸਿਧਾਂਤ ਜੈਨ ਨੇ ਦੱਸਿਆ ਕਿ 4 ਨਵੰਬਰ ਨੂੰ ਖੂਈਆਂ ਮਲਕਾਣਾ ਵਿੱਚ ਲੁਟੇਰਾ ਗਰੋਹ ਦੇ ਦੋ ਮੈਂਬਰ ਕਰਿਆਨਾ ਦੁਕਾਨ ਦੀ ਮਾਲਕਣ ਸੰਤੋਸ਼ ਤੋਂ ਭੁਜੀਆ ਅਤੇ ਸਿਗਰਟ ਖਰੀਦਣ ਦੇ ਬਹਾਨੇ ਆਏ ਅਤੇ ਉਸ ਦਾ ਬਟੂਆ, ਦੁਕਾਨ ਤੋਂ ਕਰੀਬ 60ਹਜ਼ਾਰ ਰੁਪਏ ਅਤੇ ਦਸਤਾਵੇਜ਼ ਆਦਿ ਲੁੱਟ ਕੇ ਲੈ ਗਏ ਸਨ। ਐੱਸਪੀ ਨੇ ਦੱਸਿਆ ਕਿ ਸੀਆਈਏ ਡੱਬਵਾਲੀ, ਸਪੈਸ਼ਲ ਸਟਾਫ, ਸਾਇਬਰ ਸੈੱਲ ਅਤੇ ਥਾਣਾ ਸਦਰ ‘ਤੇ ਆਧਾਰਤ ਟੀਮ ਗਠਿਤ ਕੀਤੀ ਗਈ। ਸਾਇਬਰ ਸੈੱਲ ਦੀ ਮਦਦ ਨਾਲ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਗ੍ਰਿਫ਼ਤਾਰ ਚਾਰ ਨੌਜਵਾਨਾਂ ਦੀ ਸ਼ਨਾਖ਼ਤ ਕ੍ਰਿਸ਼ਨ ਕੁਮਾਰ, ਰਾਮਦਾਸ ਉਰਫ ਕਾਲ਼ਾ, ਮੁਕੇਸ਼ ਵਾਸੀ ਪਿੰਡ ਬੱਲੂਵਾਲਾ (ਫਾਜ਼ਿਲਕਾ) ਅਤੇ ਹਰੀ ਓਮ ਪਿੰਡ ਗੋਲੂ ਦਾ ਮੌੜ ਹਾਲ ਕਿਰਾਏਦਾਰ ਗੁਰੂਹਰਸਹਾਏ (ਫਿਰੋਜ਼ਪੁਰ) ਵਜੋਂ ਹੋਈ ਹੈ। ਇਹ ਮੁਲਜ਼ਮ ਪੰਜਾਬ ਹਰਿਆਣਾ ਤੇ ਰਾਜਸਥਾਨ ਵਿਚ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨੇ।