ਪੱਤਰ ਪ੍ਰੇਰਕ
ਯਮੁਨਾਨਗਰ, 25 ਨਵੰਬਰ
ਇੱਥੋਂ ਦੇ ਸਿਟੀ ਸੈਂਟਰ ਨੇੜੇ ਇੱਕ ਕਬਾੜ ਦੇ ਗੋਦਾਮ ਵਿੱਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਜੀਅ ਜਿਉਂਦੇ ਸੜ ਗਏ। ਘਟਨਾ ਦੌਰਾਨ ਬਿਹਾਰ ਦੇ ਜ਼ਿਲ੍ਹਾ ਮਧੂਬਨ ਦੇ ਪਿੰਡ ਮਿਲਕਮਾਦੀਪੁਰ ਵਾਸੀ ਨਿਆਮੂਦੀਨ (37), ਉਸ ਦੀ 12 ਸਾਲਾ ਧੀ, ਪੁੱਤਰ ਚਾਂਦ ਅਤੇ ਸਾਲੇ ਰੇਹਾਨ ਦੀ ਮੌਕੇ ’ਤੇ ਮੌਤ ਹੋ ਗਈ ਜਦ ਕਿ ਉਸ ਦੀ ਪਤਨੀ ਨਸੀਮਾਬੁਰੀ (25) ਤਰ੍ਹਾਂ ਨਾਲ ਝੁਲਸ ਗਈ ਹੈ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਸਿਟੀ ਸੈਂਟਰ ਰੋਡ ’ਤੇ ਨਵੀਨ ਕੁਮਾਰ ਦਾ ਕਬਾੜ ਦਾ ਗੋਦਾਮ ਹੈ ਅਤੇ ਉਸ ਨੇ ਗੋਦਾਮ ਦੀ ਉਪਰਲੀ ਮੰਜ਼ਿਲ ’ਤੇ ਮਜ਼ਦੂਰਾਂ ਲਈ ਕੁਆਰਟਰ ਬਣਾ ਹੋਏ ਹਨ ਜਿਨ੍ਹਾਂ ਵਿੱਚ ਲਗਭਗ 22 ਵਿਅਕਤੀ ਰਹਿ ਰਹੇ ਸਨ। ਫਾਇਰ ਬ੍ਰਿਗੇਡ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਪ੍ਰਮੋਦ ਕੁਮਾਰ ਦੁੱਗਲ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਨੇ ਬਹੁਤ ਹੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ ਅਤੇ ਗੋਦਾਮ ਦੀ ਉਪਰਲੀ ਮੰਜ਼ਿਲ ਦੇ ਬਣੇ ਕੁਆਰਟਰਾਂ ਵਿੱਚੋਂ 17 ਵਿਅਕਤੀਆਂ ਰਤਨੇਸ਼, ਸ਼ਿਆਮ ਬਿਹਾਰੀ, ਸ਼ਿਵਮ, ਪੰਨਾ ਲਾਲ, ਸੁਨੀਤਾ, ਸੂਰਜ, ਮਨੋਜ, ਰਿਆ, ਸੁਰਿੰਦਰ, ਇੰਦਰ, ਵਿਸ਼ਾਲ, ਚੰਦਨ, ਖੁਸ਼ਬੂ ਅਤੇ ਆਦਿਤਿਆ ਨੂੰ ਕੰਧ ਤੋੜ ਕੇ ਬਾਹਰ ਕੱਢਿਆ ਗਿਆ। ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਣ ਮਗਰੋਂ ਮੇਅਰ ਮਦਨ ਚੌਹਾਨ, ਡੀਸੀ ਪਾਰਥ ਗੁਪਤਾ, ਐੱਸਪੀ ਕਮਲਦੀਪ ਗੋਇਲ ਅਤੇ ਮਿਉਂਸਿਪਲ ਕਮਿਸ਼ਨਰ ਪ੍ਰਿੰਸ ਡੱਗਾ ਮੌਕੇ ’ਤੇ ਪਹੁੰਚ ਗਏ ਅਤੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਲਈ।