ਪੱਤਰ ਪ੍ਰੇਰਕ
ਏਲਨਾਬਾਦ, 23 ਅਕਤੂਬਰ
ਨਾਥੂਸਰੀ ਚੌਪਟਾ ਥਾਣਾ ਖੇਤਰ ਦੇ ਪਿੰਡ ਬਰੂਵਾਲੀ ਸੈਕਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਚੌਪਟਾ ਥਾਣਾ ਪੁਲੀਸ ਨੇ ਆਸਟਰੇਲੀਆ ਭੇਜਣ ਦੇ ਨਾਂ ’ਤੇ 9 ਲੱਖ 29 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪਟਿਆਲਾ (ਪੰਜਾਬ) ਦੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸਾਹਬ ਰਾਮ ਨੇ ਦੱਸਿਆ ਕਿ ਉਸ ਦੇ ਲੜਕੇ ਸੰਜੇ ਨੇ ਵਿਦੇਸ਼ ਜਾਣ ਲਈ ਪਟਿਆਲਾ ਦੀ ਇੱਕ ਕੰਪਨੀ ਨਾਲ ਸੰਪਰਕ ਕੀਤਾ ਸੀ। ਜੂਨ 2023 ਵਿੱਚ ਉਹ ਅਤੇ ਉਸ ਦਾ ਬੇਟਾ ਸੰਜੇ ਪਟਿਆਲਾ ਸਥਿਤ ਇੱਕ ਨਿੱਜੀ ਕੰਪਨੀ ਦੇ ਦਫਤਰ ਵਿੱਚ ਗਏ ਅਤੇ ਅਲੱਗ-ਅਲੱਗ ਸਮੇਂ ’ਤੇ ਉਨ੍ਹਾਂ ਕੋਲੋਂ 9,29000 ਰੁਪਏ ਲਏ ਗਏ। ਇਸ ਤੋਂ ਬਾਅਦ ਵੀਜ਼ਾ ਨਾਲ ਸਬੰਧਤ ਕੁਝ ਦਸਤਾਵੇਜ਼ ਦਿੱਤੇ ਗਏ। ਜਦੋਂ ਉਨ੍ਹਾਂ ਆਪਣੇ ਪੱਧਰ ’ਤੇ ਜਾਂਚ ਕੀਤੀ ਤਾਂ ਇਹ ਦਸਤਾਵੇਜ਼ ਜਾਅਲੀ ਨਿਕਲੇ। ਪੀੜਤ ਨੇ ਦੱਸਿਆ ਕਿ ਉਕਤ ਕੰਪਨੀ ਮਾਲਕਾਂ ਨੇ ਜਾਅਲੀ ਦਸਤਾਵੇਜ਼ ਦਿਖਾ ਕੇ ਹੀ ਧੋਖਾਧੜੀ ਕਰ ਲਈ ਅਤੇ ਫਾਈਲ ਲਾਈ ਹੀ ਨਹੀਂ ਗਈ। ਉਹ ਆਪਣੇ ਪਿੰਡ ਦੇ ਕੁਝ ਮੋਹਤਬਰਾਂ ਨਾਲ ਪਟਿਆਲਾ ਸਥਿਤ ਦਫ਼ਤਰ ਗਏ ਤਾਂ ਕੰਪਨੀ ਮਾਲਕਾਂ ਨੇ ਆਪਣੀ ਗਲਤੀ ਮੰਨਦਿਆਂ ਸਾਰੇ ਪੈਸੇ ਵਾਪਸ ਕਰਨ ਦਾ ਭਰੋਸਾ ਦਿੰਦਿਆ ਰਕਮ ਦੀ ਅਦਾਇਗੀ ਕਰਨ ਲਈ ਆਪਣੀ ਫਰਮ ਦੇ ਤਿੰਨ ਚੈੱਕ ਦਿੱਤੇ। ਜਦੋਂ ਉਹ ਚੈੱਕ ਆਪਣੇ ਖਾਤੇ ਵਿੱਚ ਲਗਾਏ ਗਏ ਤਾਂ ਬਾਊਂਸ ਹੋ ਗਏ। ਐੱਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਕੰਪਨੀ ਦੇ ਡਾਇਰੈਕਟਰ ਰਣਜੀਤ ਸਿੰਘ, ਰਾਜਦੀਪ ਸਿੰਘ, ਸ਼ਮਸ਼ੇਰ ਸਿੰਘ, ਸੇਵੀ, ਤਵੀਨਾ, ਅਨੀਸ਼ ਅਤੇ ਗੁਰਮੇਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।