ਰਤਨ ਸਿੰਘ ਢਿੱਲੋਂ
ਅੰਬਾਲਾ, 17 ਮਾਰਚ
ਬੈਂਕ ਦੇ ਕਸਟਮਰ ਕੇਅਰ ਨੰਬਰ ਤੋਂ ਬੋਲਦਿਆਂ ਦੱਸ ਕੇ ਇਕ ਨੌਸਰਬਾਜ਼ ਨੇ ਓਟੀਪੀ ਪੁੱਛਿਆ ਅਤੇ ਰੁਪਿੰਦਰ ਕੌਰ ਦੇ ਖਾਤੇ ਵਿਚੋਂ 2 ਲੱਖ 93 ਹਜ਼ਾਰ ਰੁਪਏ ਦੀ ਰਕਮ ਆਨਲਾਈਨ ਚੋਰੀ ਕਰ ਲਈ। ਪੀੜਤ ਰੁਪਿੰਦਰ ਕੌਰ ਨਿਵਾਸੀ ਨੰਦ ਵਿਹਾਰ ਅੰਬਾਲਾ ਸ਼ਹਿਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸ ਦਾ ਪੀਐੱਨਬੀ ਦੀ ਡੀਏਵੀ ਕਾਲਜ ਨੇੜਲੀ ਸ਼ਾਖ਼ਾ ਵਿਚ ਖ਼ਾਤਾ ਹੈ। ਬੀਤੇ ਦਿਨ ਏਟੀਐਮ ਬੰਦ ਹੋ ਜਾਣ ਕਰਕੇ ਉਸ ਨੇ ਕਸਟਮਰ ਕੇਅਰ ’ਤੇ ਫੋਨ ਕੀਤਾ ਪਰ ਕਾਲ ਨਹੀਂ ਮਿਲੀ। ਕੁਝ ਦੇਰ ਬਾਅਦ ਉਸ ਨੂੰ ਇਕ ਨੰਬਰ ਤੋਂ ਕਾਲ ਆਈ ਜਿਸ ਨੇ ਏਟੀਐਮ ਬਾਰੇ ਜਾਣਕਾਰੀ ਦਿੱਤੀ ਅਤੇ ਫੇਰ ਓਟੀਪੀ ਪੁੱਛਿਆ ਜੋ ਉਸ ਨੇ ਦੱਸ ਦਿੱਤਾ। ਇਸ ਤੋਂ ਬਾਅਦ ਉਸ ਦੇ ਖ਼ਾਤੇ ਵਿਚੋਂ 2 ਲੱਖ 93 ਹਜ਼ਾਰ ਰੁਪਏ ਦੀ ਆਨਲਾਈਨ ਟ੍ਰਾਂਸਜੈਕਸ਼ਨ ਹੋ ਗਈ। ਉਸ ਤੋਂ ਬਾਅਦ ਨੌਸਰਬਾਜ਼ ਵਿਅਕਤੀ ਦਾ ਫੋਨ ਬੰਦ ਹੋ ਗਿਆ। ਇਸ ਮਗਰੋਂ ਨੌਸਰਬਾਜ਼ ਨੇ ਦੁਬਾਰਾ ਇਕ ਨੰਬਰ ਤੋਂ ਕਾਲ ਕੀਤੀ ਅਤੇ ਕਿਹਾ ਕਿ ਉਹ ਪੀਐਨਬੀ ਤੋਂ ਬੋਲ ਰਿਹਾ ਹੈ। ਰੁਪਿੰਦਰ ਕੌਰ ਨੇ ਠੱਗ ਨੂੰ ਪੈਸੇ ਮੋੜਨ ਲਈ ਕਿਹਾ ਪਰ ਉਸ ਨੇ ਮਨ੍ਹਾਂ ਕਰ ਦਿੱਤਾ। ਪੁਲੀਸ ਨੇ ਇਸ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਜਾਂਚ ਸਾਈਬਰ ਸੈੱਲ ਨੂੰ ਸੌਂਪ ਦਿੱਤੀ ਹੈ।
ਪੀੜਤ ਮਹਿਲਾ ਨੇ ਪੁਲੀਸ ਨੂੰ ਅਪੀਲ ਕੀਤੀ ਕਿ ਨੌਸਰਬਾਜ਼ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ ਤੇ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਉਹ ਕਿਸੇ ਹੋਰ ਨਾਲ ਠੱਗੀਆਂ ਨਾ ਮਾਰ ਸਕੇ।