ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 16 ਸਤੰਬਰ
ਸ਼ਹਿਰ ਦੀ ਮੋਟਰ ਮਾਰਕੀਟ ਵਿੱਚ ਲੰਘੀ ਰਾਤ ਸੂਚਨਾ ਮਿਲਣ ’ਤੇ ਛਾਪਾ ਮਾਰਨ ਗਈ ਬਲਦੇਵ ਥਾਣੇ ਦੀ ਪੁਲੀਸ ਪਾਰਟੀ ਨਾਲ ਜੂਏਬਾਜ਼ਾਂ ਵੱਲੋਂ ਹੱਥੋਪਾਈ ਕੀਤੀ ਗਈ। ਪੁਲੀਸ ਨੇ ਜੂਆ ਖੇਡ ਰਹੇ 14 ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਤਾਸ਼ ਸਮੇਤ 27 ਹਜ਼ਾਰ 580 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਸਬ ਇੰਸਪੈਕਟਰ ਧਰਮਵੀਰ ਸਿੰਘ ਨੇ ਥਾਣੇ ਵਿੱਚ ਦਿੱਤੀ ਰਿਪੋਰਟ ਵਿੱਚ ਦੱਸਿਆ ਕਿ ਸੂਚਨਾ ਮਿਲਣ ’ਤੇ ਉਨ੍ਹਾਂ ਨੇ ਟੀਮ ਨਾਲ ਮੋਟਰ ਮਾਰਕੀਟ ਦੀ ਇਕ ਦੁਕਾਨ ’ਤੇ ਛਾਪਾ ਮਾਰਿਆ ਜਿੱਥੇ ਕਾਫ਼ੀ ਨੌਜਵਾਨ ਤਾਸ਼ ਦੇ ਪੱਤਿਆਂ ਨਾਲ ਰਕਮ ਦਾਅ ’ਤੇ ਲਾ ਕੇ ਜੂਆ ਖੇਡ ਰਹੇ ਸਨ। ਪੁਲੀਸ ਨੂੰ ਦੇਖਦਿਆਂ ਉਹ ਧੱਕਾਮੁੱਕੀ ਕਰਨ ਲੱਗੇ। ਇਸ ਮਾਮਲੇ ਵਿੱਚ ਪੁਲੀਸ ਨੇ 14 ਜਣਿਆਂ ਦਲਜੀਤ ਸਿੰਘ, ਸੁਖਵਿੰਦਰ ਸਿੰਘ ਉਰਫ਼ ਸੋਨੂੰ ਤੇ ਸੋਨੂੰ ਕੁਮਾਰ ਨਿਵਾਸੀ ਜੋਗੀਵਾੜਾ ਅੰਬਾਲਾ ਸ਼ਹਿਰ, ਅਨਿਲ ਕੁਮਾਰ, ਧੀਰੂ ਅਤੇ ਛਟਕੂ ਨਿਵਾਸੀ ਨੰਦ ਨਗਰ ਯੂਪੀ,ਵਿਨੋਦ ਕੁਮਾਰ ਗੰਭਰੀਆ ਜ਼ਿਲ੍ਹਾ ਬਹਿਰਾਈਚ, ਰਵੀ ਕੁਮਾਰ ਨਿਵਾਸੀ ਜੱਗੀ ਕਲੋਨੀ, ਰੋਹਿਤ ਨਿਵਾਸੀ ਮਨਮੋਹਨ ਨਗਰ, ਕਰਣ, ਅਰੁਣ ਕੁਮਾਰ ਨਿਵਾਸੀ ਬਾਬਾ ਹੀਰਾ ਸਿੰਘ ਨਗਰ, ਅਸ਼ੀਸ਼ ਨਿਵਾਸੀ ਜੋਗੀ ਮੰਡੀ ਕੱਚਾ ਬਜ਼ਾਰ ਅੰਬਾਲਾ ਕੈਂਟ, ਅਰੁਣ ਕੁਮਾਰ ਨਿਵਾਸੀ ਸੇਠੀ ਨਗਰ ਅਤੇ ਧਰਮਿੰਦਰ ਉਰਫ਼ ਰਿਸ਼ੂ ਕੁਮਾਰ ਨਿਵਾਸੀ ਰਾਮ ਬਾਗ ਰੋਡ ਅੰਬਾਲਾ ਕੈਂਟ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 27,580 ਰੁਪਏ ਬਰਾਮਦ ਕੀਤੇ। ਅੱਜ ਸਾਰੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।