ਰਤਨ ਸਿੰਘ ਢਿੱਲੋਂ
ਅੰਬਾਲਾ, 24 ਜਨਵਰੀ
19 ਜਨਵਰੀ ਨੂੰ ਅੰਬਾਲਾ ਛਾਉਣੀ ਦੇ ਜਗਾਧਰੀ ਰੋਡ ’ਤੇ ਗੈਂਗਵਾਰ ਵਿਚ ਜ਼ਖ਼ਮੀ ਹੋਏ ਵਿਸ਼ਾਲ ਭੋਲਾ ਵਾਸੀ ਕੱਚਾ ਬਾਜ਼ਾਰ, ਅੰਬਾਲਾ ਕੈਂਟ ਨੇ ਅੱਜ ਸਵੇਰੇ ਪੀਜੀਆਈ ਚੰਡੀਗੜ੍ਹ ਵਿਚ ਦਮ ਤੋੜ ਦਿੱਤਾ। ਹਮਲਾਵਰਾਂ ਨੇ ਉਸ ’ਤੇ ਕਈ ਗੋਲੀਆਂ ਦਾਗੀਆਂ ਸਨ, ਜਿਨ੍ਹਾਂ ’ਚੋਂ ਸੱਤ ਗੋਲੀਆਂ ਉਸ ਦੇ ਲੱਗੀਆਂ ਸਨ। ਕੁਝ ਛੱਰੇ ਉਸ ਦੇ ਦਿਮਾਗ ਵਿਚ ਵੀ ਲੱਗੇ ਸਨ, ਜਿਸ ਕਰ ਕੇ ਉਸ ਦਾ ਆਪ੍ਰੇਸ਼ਨ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਇਸ ਗੈਂਗਵਾਰ ਵਿਚ ਭੋਲਾ ਦੇ ਸਾਥੀ ਮੋਹਿਤ ਰਾਣਾ ਵਾਸੀ ਰਜਾਪੁਰ, ਥਾਣਾ ਹੰਡੇਸਰਾ (ਪੰਜਾਬ) ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।
ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਕੀਤੀ ਗਈ ਫਾਇਰਿੰਗ ਵਿਚ ਮਾਰੇ ਗਏ ਮੋਹਿਤ ਰਾਣਾ ਦੀ ਹੱਤਿਆ ਦੇ ਸਬੰਧ ਵਿਚ ਮਹੇਸ਼ ਨਗਰ ਪੁਲੀਸ ਨੇ ਮ੍ਰਿਤਕ ਦੇ ਭਰਾ ਸੁਭਾਸ਼ ਰਾਣਾ ਉਰਫ਼ ਮੋਨੂੰ ਵਾਸੀ ਰਜਾਪੁਰ ਦੀ ਸ਼ਿਕਾਇਤ ’ਤੇ 20 ਜਨਵਰੀ ਨੂੰ ਚਾਰ-ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿਚ ਸੀਆਈਏ-2 ਦੀ ਟੀਮ ਨੇ ਸਬ ਇੰਸਪੈਕਟਰ ਵਰਿੰਦਰ ਵਾਲੀਆ ਦੀ ਅਗਵਾਈ ਵਿਚ ਕਾਰਵਾਈ ਕਰਦਿਆਂ ਮੁਲਜ਼ਮ ਸ਼ਮਸ਼ੇਰ ਉਰਫ਼ ਮੋਨੂੰ ਰਾਣਾ ਵਾਸੀ ਪਿੰਡ ਥੰਬੜ, ਥਾਣਾ ਬਰਾੜਾ (ਅੰਬਾਲਾ) ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਹੈ ਅਤੇ ਅਦਾਲਤ ਦੇ ਹੁਕਮਾਂ ’ਤੇ ਉਸ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਮਨਜ਼ੂਰ ਹੋਇਆ ਹੈ। ਪੁਲੀਸ ਦਾ ਕਹਿਣਾ ਹੈ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵਰਿੰਦਰ ਵਾਲੀਆ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਇਸ ਹੱਤਿਆ ਕਾਂਡ ਵਿਚ ਵਰਤੀ ਗਈ ਈਕੋ ਸਪੋਰਟਸ ਗੱਡੀ ਪਿਪਲੀ ਬੱਸ ਸਟੈਂਡ ਨੇੜਿਓਂ ਬਰਾਮਦ ਕੀਤੀ ਗਈ ਹੈ। ਸੂਤਰਾਂ ਅਨੁਸਾਰ ਭੂਪੀ ਰਾਣਾ ਦੇ ਪੁਰਾਣੇ ਸਾਥੀ ਮੋਹਿਤ ਰਾਣਾ ਨੂੰ ਮਾਰਨ ਲਈ ਦਿੱਲੀ ਤੋਂ ਆਏ ਬਦਮਾਸ਼ ਦੁਖੇੜੀ ਰਾਹੀਂ ਅੰਬਾਲਾ ਪਹੁੰਚੇ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਸੇ ਰਸਤੇ ਵਾਪਸ ਗਏ ਸਨ। ਜਾਂਦੇ ਹੋਏ ਉਹ ਈਕੋ ਸਪੋਰਟਸ ਗੱਡੀ ਪਿਪਲੀ ਬੱਸ ਸਟੈਂਡ ਕੋਲ ਲਾਵਾਰਿਸ ਹਾਲਤ ਵਿਚ ਛੱਡ ਗਏ ਸਨ ਅਤੇ ਉਥੋਂ ਬੱਸ ਵਿਚ ਬੈਠ ਕੇ ਦਿੱਲੀ ਫਰਾਰ ਹੋ ਗਏ ਸਨ। ਵਾਰਦਾਤ ਵਿਚ ਵਰਤੀ ਗਈ ਗੱਡੀ ’ਤੇ ਜੋ ਦਿੱਲੀ ਦਾ ਨੰਬਰ ਲੱਗਾ ਹੋਇਆ ਸੀ। ਜਾਂਚ ਦੌਰਾਨ ਉਹ ਜਾਅਲੀ ਨਿਕਲਿਆ।