ਰਤਨ ਸਿੰਘ ਢਿੱਲੋਂ
ਅੰਬਾਲਾ, 25 ਮਾਰਚ
ਇਸ ਸ਼ਹਿਰ ਦੇ ਕਾਲਕਾ ਚੌਕ ਵਿੱਚ ਅੱਜ ਦੁਪਹਿਰੇ ਕਾਰ ਘੇਰ ਕੇ ਕੀਤੀ ਫਾਇਰਿੰਗ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਇਸ ਵਾਰਦਾਤ ਨੂੰ ਲਾਰੈਂਸ ਬਿਸ਼ਨੋਈ ਅਤੇ ਭੂਪੀ ਰਾਣਾ ਗਰੋਹ ਦੀ ਆਪਸੀ ਲੜਾਈ ਵਜੋਂ ਦੇਖ ਰਹੀ ਹੈ।
ਸ਼ਹਿਰ ਦੇ ਕਾਲਕਾ ਚੌਕ ਵਿੱਚ ਕੁਝ ਬਦਮਾਸ਼ਾਂ ਨੇ ਪੰਚਕੂਲਾ ਅਤੇ ਮਨੀ ਮਾਜਰਾ ਤੋਂ ਕਾਰ ਵਿੱਚ ਅੰਬਾਲਾ ਆਏ ਕੁਝ ਵਿਅਕਤੀਆਂ ’ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ। ਇਸ ਵਾਰਦਾਤ ਵਿੱਚ ਪੰਚਕੂਲਾ ਸੈਕਟਰ-17 ਦੀ ਰਾਜੀਵ ਕਲੋਨੀ ਨਿਵਾਸੀ ਪ੍ਰਦੀਪ ਉਰਫ਼ ਪੰਜਾ (32) ਅਤੇ ਰਾਹੁਲ (32) ਦੀ ਮੌਤ ਹੋ ਗਈ ਜਦੋਂ ਕਿ ਉਨ੍ਹਾਂ ਦੇ ਕਾਰ ਸਵਾਰ ਦੋ ਸਾਥੀ ਅਸ਼ਵਨੀ (25) ਅਤੇ ਗੌਰਵ (24) ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਚਾਰੇ ਚੰਡੀਗੜ੍ਹ ਨੰਬਰ ਦੀ ਵਰਨਾ ਕਾਰ (ਸੀਐੱਚਓ-1ਏਸੀ-1620) ਵਿੱਚ ਅੰਬਾਲਾ ਦੀ ਅਦਾਲਤ ਵਿੱਚ ਤਰੀਕ ਭੁਗਤਣ ਆਏ ਸਨ ਪਰ ਕਰੋਨਾ ਕਰਕੇ ਪੇਸ਼ੀ ਦੀ ਤਰੀਕ ਅੱਗੇ ਪੈ ਗਈ ਜਿਸ ਤੋਂ ਬਾਅਦ ਇਹ ਵਾਪਸ ਪੰਚਕੂਲਾ ਜਾ ਰਹੇ ਸਨ।
ਡੀਐੱਸਪੀ ਸੁਲਤਾਨ ਸਿੰਘ ਦਾ ਕਹਿਣਾ ਹੈ ਕਿ ਅਜੇ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਕਿਸ ਅਦਾਲਤ ਵਿੱਚ ਪੇਸ਼ੀ ’ਤੇ ਆਏ ਸਨ। ਜਿਉਂ ਹੀ ਇਨ੍ਹਾਂ ਦੀ ਕਾਰ ਕਾਲਕਾ ਚੌਕ ਕੋਲ ਪਹੁੰਚੀ ਤਾਂ ਸਵਿੱਫਟ ਕਾਰ (ਜਿਸ ਦਾ ਬਾਅਦ ਵਿੱਚ ਐੱਚਆਰ-07 ਐਕਸ-4314 ਨੰਬਰ ਪਤਾ ਲੱਗਾ) ਵਿੱਚ ਆਏ ਬਦਮਾਸ਼ਾਂ ਨੇ ਆਪਣੀ ਕਾਰ ਇਨ੍ਹਾਂ ਦੀ ਕਾਰ ਅੱਗੇ ਅੜਾ ਕੇ ਗੋਲੀਆਂ ਚਲਾ ਦਿੱਤੀਆਂ। ਸਵਿੱਫਟ ਕਾਰ ਵਿੱਚ ਆਏ ਵਿਅਕਤੀਆਂ ਦੀ ਗਿਣਤੀ 5 ਦੱਸੀ ਜਾ ਰਹੀ ਹੈ। ਲੋਕਾਂ ਨੇ ਵਾਰਦਾਤ ਬਾਰੇ ਪੁਲੀਸ ਨੂੰ ਸੂਚਿਤ ਕੀਤਾ।
ਡੀਐੱਸਪੀ ਸੁਲਤਾਨ ਸਿੰਘ, ਐੱਸਐੱਚਓ ਸਿਟੀ ਪੁਲੀਸ, ਸੀਆਈਏ ਅਤੇ ਸੀਨ ਆਫ ਕਰਾਈਮ ਟੀਮ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਰਾਹੁਲ ਤੇ ਪ੍ਰਦੀਪ ਉਰਫ਼ ਪੰਜਾ ਨੂੰ ਮ੍ਰਿਤਕ ਐਲਾਨ ਦਿੱਤਾ। ਗੌਰਵ ਨੂੰ ਜੀਐੱਮਸੀਐੱਚ ਸੈਕਟਰ-32 ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਅਸ਼ਵਨੀ ਦੇ ਮੋਢੇ ਅਤੇ ਗੌਰਵ ਦੇ ਪੇਟ ਤੇ ਬਾਂਹ ਵਿੱਚ ਗੋਲੀਆਂ ਲੱਗੀਆਂ ਹਨ। ਡੀਐੱਸਪੀ ਸੁਲਤਾਨ ਸਿੰਘ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਾਰਦਾਤ ਲਾਰੇਂਸ ਬਿਸ਼ਨੋਈ ਅਤੇ ਭੂਪੀ ਰਾਣਾ ਗਰੋਹ ਦੇ ਮੈਂਬਰਾਂ ਵਿਚਕਾਰ ਦੁਸ਼ਮਣੀ ਦਾ ਨਤੀਜਾ ਹੈ।
ਸੂਤਰਾਂ ਅਨੁਸਾਰ ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਡੀਐੱਸਪੀ ਸੁਲਤਾਨ ਸਿੰਘ ਨੇ ਦੱਸਿਆ ਕਿ ਉਹ ਇਹ ਨਹੀਂ ਕਹਿ ਸਕਦੇ ਕਿ ਮਾਰਨ ਵਾਲੇ ਕੌਣ ਹਨ। ਇਸ ਮਾਮਲੇ ਵਿੱਚ ਅੰਬਾਲਾ ਸ਼ਹਿਰ ਪੁਲੀਸ ਨੇ ਅਸ਼ਵਨੀ ਵਾਸੀ ਮਨੀ ਮਾਜਰਾ ਦੇ ਬਿਆਨ ’ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।