ਪੱਤਰ ਪ੍ਰੇਰਕ
ਫਰੀਦਾਬਾਦ, 28 ਜੂਨ
ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਬੁੱਧਵਾਰ ਨੂੰ ਪਿੰਡ ਰਿਵਾਜਪੁਰ ਪੁੱਜੇ ਤੇ ਅੰਦੋਲਨਕਾਰੀ ਪਿੰਡ ਵਾਸੀਆਂ ਨੂੰ ਲੈਂਡਫਿਲ ਹਟਾਉਣ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦੇ ਭਰੋਸੇ ਨਾਲ ਕੰਮ ਕਰ ਰਹੀ ਹੈ। ਕੇਂਦਰੀ ਰਾਜ ਮੰਤਰੀ ਨੇ ਐਲਾਨ ਕੀਤਾ ਕਿ ਇੱਥੇ ਲੈਂਡਫਿਲ ਬਣਾਉਣ ਦਾ ਕੰਮ ਰੋਕ ਦਿੱਤਾ ਗਿਆ ਹੈ ਤੇ ਬਦਲਵੀਂ ਥਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਪਿੰਡ ਟਿੱਕਾਵਾਲੀ ਕਲੋਨੀ ‘ਚ ਵੀ ਡਰੇਨ ਦੇ ਉੱਪਰ ਪੁਲੀ ਬਣਾਉਣ ਦਾ ਭਰੋਸਾ ਦਿੱਤਾ| ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੂੰ ਕਿਹਾ ਕਿ ਇਲਾਕੇ ਦੇ ਲੋਕ ਲਗਾਤਾਰ ਦੋ ਮਹੀਨਿਆਂ ਤੋਂ ਭੁੱਖ-ਪਿਆਸ ਨਾਲ ਤੜਫਦੇ ਗਰਮੀ ਵਿੱਚ ਬੈਠੇ ਹਨ। ਉਹ ਸ਼ੁਰੂ ਤੋਂ ਹੀ ਆਪਣੇ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਸਨ ਤੇ ਸਮੇਂ-ਸਮੇਂ ‘ਤੇ ਰਿਵਾਜਪੁਰ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਦੇ ਰਹੇ ਹਨ। ਫਿਰ ਭਾਵੇਂ ਮੁੱਖ ਸਕੱਤਰ ਨੂੰ ਮਿਲਣਾ ਹੋਵੇ, ਕਮਿਸ਼ਨਰ ਨਗਰ ਨਿਗਮ ਨਾਲ ਮੀਟਿੰਗ ਕਰਨੀ ਹੋਵੇ ਜਾਂ ਫਿਰ ਪੁਲੀਸ ਪ੍ਰਸ਼ਾਸਨ ਨਾਲ ਗੱਲ ਕਰਨੀ ਹੋਵੇ, ਹਰ ਸਮੇਂ ਅਸਿੱਧੇ ਤੌਰ ‘ਤੇ ਉਹ ਅੰਦੋਲਨਕਾਰੀਆਂ ਨਾਲ ਮਿਲ ਕੇ ਕੋਈ ਢੁੱਕਵਾਂ ਹੱਲ ਕੱਢਣ ਦੇ ਹੱਕ ਵਿੱਚ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੇ 9 ਸਾਲ ਸੇਵਾ, ਸੁਸ਼ਾਸਨ ਨੂੰ ਸਮਰਪਿਤ ਕੀਤੇ ਹਨ| ਅੱਜ ਪਹਿਲਾਂ 16 ਪਿੰਡਾਂ ਦੇ ਲੋਕਾਂ ਨੇ ਕੇਂਦਰੀ ਰਾਜ ਮੰਤਰੀ ਦਾ ਫੁੱਲਾਂ ਦੀ ਵਰਖਾ ਕਰ ਕੇ ਤੇ ਪੱਗ ਬੰਨ੍ਹ ਕੇ ਸਵਾਗਤ ਕੀਤਾ।