ਪੱਤਰ ਪ੍ਰੇਰਕ
ਰਤੀਆ, 6 ਅਕਤੂਬਰ
ਇਥੇ ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਵੱਲੋਂ ਈਈਐੱਫਆਈ ਦੇ ਸੱਦੇ ’ਤੇ ਬੁਢਲਾਡਾ ਰੋਡ ਸਥਿਤ ਬਿਜਲੀ ਘਰ ਵਿੱਚ ਗੇਟ ਰੈਲੀ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਬ ਅਰਬਨ ਪ੍ਰਧਾਨ ਕਸ਼ਮੀਰ ਚੰਦ ਨੇ ਕੀਤੀ, ਜਦੋਂ ਕਿ ਸੰਚਾਲਨ ਪ੍ਰੇਮ ਕੁਮਾਰ ਸ਼ਰਮਾ ਨੇ ਕੀਤਾ। ਮੁੱਖ ਬੁਲਾਰੇ ਅਰੁਣ ਧਾਨੀਆਂ ਅਤੇ ਸਿਟੀ ਪ੍ਰਧਾਨ ਮਲਕੀਤ ਨੇ ਕਿਹਾ ਕਿ ਉਤਰ ਪ੍ਰਦੇਸ਼ ਸਰਕਾਰ ਉਤਰ ਪ੍ਰਦੇਸ਼ ਵਿੱਚ ਬਿਜਲੀ ਵਿਭਾਗ ਦੇ ਨਿੱਜੀਕਰਨ ’ਤੇ ਤੁਲੀ ਹੋਈ ਹੈ। ਇਸ ਨਿੱਜੀਕਰਨ ਦੇ ਵਿਰੋਧ ਵਿੱਚ 18 ਯੂਨੀਅਨ ਜੱਥੇਬੰਦੀਆਂ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਸ਼ਾਂਤੀਪੂਰਨ ਅੰਦੋਲਨ ਨੂੰ ਆਰਮੀ ਰਾਹੀਂ ਕੁਚਲਨਾ ਚਾਹੁੰਦੀ ਹੈ। ਜੋ ਕਿ ਨਿੰਦਾਯੋਗ ਹੈ। ਉਨ੍ਹਾਂ ਕਿਹਾ ਕਿ ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਉਤਰ ਪ੍ਰਦੇਸ਼ ਸਰਕਾਰ ਦੀ ਸਖ਼ਤ ਨਿੰਦਾ ਕਰਦੀ ਹੈ ਅਤੇ ਸਰਕਾਰ ਨੂੰ ਜਥੇਬੰਦੀ ਨਾਲ ਗੱਲਬਾਤ ਕਰਕੇ ਇਸ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਸਰਕਾਰ ਜੋ ਬਿੱਲ ਲਾਗੂ ਕਰਨਾ ਚਾਹੁੰਦੀ ਹੈ ਉਹ ਬਿੱਲ ਮਾਨਸੂਨ ਸੈਸ਼ਨ ਵਿੱਚ ਲੋਕ ਸਭਾ ਵਿੱਚ ਪਾਸ ਨਹੀਂ ਹੋਇਆ ਹੈ ਪਰ ਸਰਕਾਰ ਆਪਣੇ ਸੂਬੇ ਵਿੱਚ ਧੱਕੇ ਨਾਲ ਬਿੱਲ ਨੂੰ ਲਾਗੂ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਖੇਤੀ ਬਿੱਲ ਦੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਕਰਮਚਾਰੀ ਸੰਗਠਨ ਵੀ ਕਿਸਾਨਾਂ ਦਾ ਸਮਰਥਨ ਕਰਦੇ ਹਨ। ਸਰਕਾਰ ਨੂੰ ਇਨ੍ਹਾਂ ਸਾਰੇ ਬਿੱਲਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਇਸ ਦੌਰਾਨ ਕਰਮਚਾਰੀਆਂ ਨੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਮ ਦਾ ਮੰਗ ਪੱਤਰ ਗ੍ਰਾਮੀਣ ਐੱਸਡੀਓ ਵਰੁਣ ਮਹਿਤਾ ਨੂੰ ਸੌਂਪਿਆ। ਇਸ ਮੌਕੇ ਗੁਰਪ੍ਰੀਤ, ਧਰਮਵੀਰ, ਨਰਿੰਦਰ ਨੇਗੀ, ਸੁਨੀਲ, ਸ਼ੇਸ਼ਨਾਥ, ਸੱਤਪਾਲ ਆਦਿ ਹਾਜ਼ਰ ਸਨ।