ਪੱਤਰ ਪ੍ਰੇਰਕ
ਰਤੀਆ, 7 ਜੁਲਾਈ
ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਜ ਸਰਕਾਰ ’ਤੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਦਾ ਦੋਸ਼ ਲਾਇਆ। ਇਸ ਸਬੰਧੀ ਉਨ੍ਹਾਂ ਜ਼ਿਲ੍ਹਾ ਫਾਇਰ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਘਵੀਰ ਡਾਂਗਰਾ ਨੇ ਦੱਸਿਆ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਰਕਾਰ 29 ਅਕਤੂਬਰ ਅਤੇ 5 ਅਪਰੈਲ ਦੇ ਸਮਝੌਤੇ ਨੂੰ ਲਾਗੂ ਨਹੀਂ ਕਰ ਰਹੀ, ਜਿਸ ਨਾਲ ਕਰਮਚਾਰੀਆਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ 20 ਜੁਲਾਈ ਨੂੰ ਪੰਚਕੂਲਾ ਵਿੱਚ ਫਾਇਰ ਵਿਭਾਗ ਦੇ ਡਾਇਰੈਕਟਰ ਦਾ ਪੂਰੇ ਹਰਿਆਣਾ ਦੇ ਕਰਮਚਾਰੀਆਂ ਵੱਲੋਂ ਘਿਰਾਓ ਕੀਤਾ ਜਾਵੇਗਾ। ਜੇ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਸੂਬਾ ਸਕੱਤਰ ਸਤਵੀਰ ਸਹਾਰਣ, ਫਤਿਆਬਾਦ ਇਕਾਈ ਪ੍ਰਧਾਨ ਜੈ ਸਿੰਘ ਬਿਸ਼ਨੋਈ, ਜ਼ਿਲ੍ਹਾ ਸਕੱਤਰ ਰਾਕੇਸ਼ ਪੰਕਜ ਭਾਦੂ, ਰਤੀਆ ਤੋਂ ਸੁੰਦਰ ਲਾਲ ਗੋਦਾਰਾ, ਕੁਲਦੀਪ ਨੈਨ, ਛਬੀਲ ਦਾਸ ਹਾਜ਼ਰ ਸਨ।