ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 30 ਜੂਨ
ਸੁਪਰੀਮ ਕੋਰਟ ਵੱਲੋਂ ਖੋਰੀ ਪਿੰਡ ਦੀ ਜੰਗਲਾਤ ਜ਼ਮੀਨ ਉਪਰ ਵੱਡੀ ਗਿਣਤੀ ਵਿੱਚ ਮਕਾਨ ਤੋੜਨ ਦੇ ਦਿੱਤੇ ਹੁਕਮਾਂ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਦੱਸਣਾ ਬਣਦਾ ਹੈ ਿਕ ਅੱਜ ਥਾਂ ਖਾਲੀ ਕਰਾਉਣ ਵੇਲੇ ਪੁਲੀਸ ਨੇ ਲੋਕਾਂ ’ਤੇ ਲਾਠੀਚਾਰਜ ਵੀ ਕੀਤਾ। ਸ੍ਰੀ ਚੜੂਨੀ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰੇ, ਜਿਨ੍ਹਾਂ ਦੀ ਡਿਊਟੀ ਦੌਰਾਨ ਇਹ ਕਾਲੋਨੀ ਵਸੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਭੂ-ਮਾਫ਼ੀਆ ਨਾਲ ਮਿਲ ਕੇ ਅਧਿਕਾਰੀ ਕਥਿਤ ਤੌਰ ’ਤੇ ਰਿਸ਼ਵਤ ਲੈ ਕੇ ਲੋਕਾਂ ਨੂੰ ਮਕਾਨ ਬਣਾਉਣ ਲਈ ਉਕਸਾਉਂਦੇ ਰਹੇ। ਉਨ੍ਹਾਂ ਕਿਹਾ ਕਿ ਸਰਕਾਰਾਂ ਵਿੱਚ ਮਨੁੱਖਤਾ ਮਰ ਚੁੱਕੀ ਹੈ ਅਤੇ ਤਿੱਖੜ ਗਰਮੀ ਵਿੱਚ ਪਿੰਡ ਵਾਲਿਆਂ ਦੀ ਪਾਣੀ ਦੀ ਸਪਲਾਈ ਕੱਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਜਾੜਨ ਤੋਂ ਪਹਿਲਾਂ ਪੀੜਤਾਂ ਲਈ ਛੱਤ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਵਾਸੀਆਂ ਨੂੰ ਕੋਈ ਰਾਹਤ ਨਾ ਦਿੱਤੀ ਗਈ ਤਾਂ ਲੋਕ ਮੈਦਾਨ ਵਿੱਚ ਆ ਜਾਣਗੇ।