ਕੇ.ਕੇ.ਬਾਂਸਲ
ਰਤੀਆ, 10 ਸਤੰਬਰ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਰਤੀਆ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੁਨੀਤਾ ਦੁੱਗਲ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਇੱਥੇ ਪੁੱਜੇ। ਇਸ ਮੌਕੇ ਰੈਲੀ ਦੌਰਾਨ ਦੌਰਾਨ ਮੁੱਖ ਮੰਤਰੀ ਸੈਣੀ ਅਤੇ ਸੁਨੀਤਾ ਦੁੱਗਲ ਨੇ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਰਤੀਆ ਦੇ ਵਿਧਾਇਕ ਲਕਸ਼ਮਣ ਨਾਪਾ ’ਤੇ ਤਨਜ ਕਸੇ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਲਗਾਤਾਰ ਝੂਠ ਬੋਲ ਕੇ ਧੋਖਾ ਦੇਣ ਦਾ ਕੰਮ ਕਰ ਰਹੀ ਹੈ, ਉਹ ਅੱਜ ਹਿਸਾਬ ਮੰਗ ਰਹੇ ਹਨ, ਉਨ੍ਹਾਂ ਨੂੰ ਆਪਣੇ ਕੰਮ ਦਾ ਹਿਸਾਬ ਦੇਣ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਨੀਤਾ ਦੁੱਗਲ ਨੇ ਬਹੁਤ ਕੁਰਬਾਨੀ ਦਿੱਤੀ ਸੀ, ਹੁਣ ਵਿਧਾਇਕ ਕਾਂਗਰਸ ਪਾਰਟੀ ਵਿੱਚ ਚਲੇ ਗਿਆ ਹੈ, ਜਿੱਥੋਂ ਨਿਕਲਣਾ ਮੁਸ਼ਕਲ ਹੈ। ਸਰਕਾਰ ਨੇ ਪਿੰਡਾਂ ਵਿੱਚ ਪੈਸੇ ਭੇਜਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਰਤੀਆ ਪੰਚਾਇਤਾਂ ਨੂੰ 37 ਕਰੋੜ ਰੁਪਏ ਤੋਂ ਵੱਧ ਰਾਸ਼ੀ ਭੇਜੀ ਗਈ ਹੈ। ਮੁੱਖ ਮੰਤਰੀ ਨੇ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ। ਸੁਨੀਤਾ ਦੁੱਗਲ ਨੇ ਕਿਹਾ ਕਿ ਉਨ੍ਹਾਂ ਦੀ ਸਿਆਸੀ ਸ਼ੁਰੂਆਤ ਰਤੀਆ ਤੋਂ ਹੋਈ ਸੀ। ਅੱਜ ਫਿਰ ਉਨ੍ਹਾਂ ਨੂੰ ਰਤੀਆ ਤੋਂ ਮੌਕਾ ਮਿਲਿਆ। ਵਿਧਾਇਕ ਲਕਸ਼ਮਣ ਨਾਪਾ ’ਤੇ ਤਨਜ ਕੱਸਦਿਆਂ ਉਨ੍ਹਾਂ ਕਿਹਾ ਕਿ ਉਹ ਸਵਾਰਥੀ ਰਾਜਨੀਤੀ ਕਰ ਰਿਹਾ ਸੀ ਅਤੇ ਹੁਣ ਉਹ ਮੁੜ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਉਸ ਲਈ ਚੰਗਾ ਸੋਚ ਰਹੀ ਸੀ, ਪਰ ਉਹ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਕਿਸਾਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਉਨ੍ਹਾਂ ਦੇ ਭਰਾ ਹਨ, ਜਿਨ੍ਹਾਂ ਦੀਆਂ ਮੰਗਾਂ ਉਹ ਸਰਕਾਰ ਤੱਕ ਪਹੁੰਚਾ ਰਹੇ ਹਨ। ਇਸ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਦੀ ਮੰਗ ਮੰਨ ਲਈ ਅਤੇ ਕਾਨੂੰਨ ਵਾਪਸ ਲੈ ਲਿਆ। ਇਸ ਮੌਕੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ, ਜ਼ਿਲ੍ਹਾ ਪ੍ਰਧਾਨ ਬਲਦੇਵ ਅਮਰੋਹਾ, ਵੈਦਫੁੱਲਾ, ਸੁਰਿੰਦਰ ਆਰੀਆ, ਸਾਬਕਾ ਸੰਸਦ ਮੈਂਬਰ ਸਵਾਮੀ ਸੁਮੇਧਾਨੰਦ ਸਮੇਤ ਕਈ ਆਗੂ ਹਾਜ਼ਰ ਸਨ।