ਸਰਬਜੋਤ ਸਿੰਘ ਦੁੱਗਲ/ਸਤਨਾਮ ਸਿੰਘ
ਕੁਰੂਕਸ਼ੇਤਰ, 8 ਮਈ
ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਕਰੋਨਾ ਦੇ ਮਾਮਲਿਆਂ ਨਾਲ ਨਜਿੱਠਣ ਲਈ ਸਰਕਾਰ ਵਿਆਪਕ ਪੱਧਰ ’ਤੇ ਤਿਆਰ ਹੈ। ਮੁੱਖ ਮੰਤਰੀ ਮਨੋਹਰ ਲਾਲ ਦੀ ਮਾਰਗ ਦਰਸ਼ਨ ਹੇਠ ਸਾਰੇ ਵਿਧਾਇਕ, ਮੰਤਰੀ ਅਤੇ ਅਧਿਕਾਰੀ ਫੀਲਡ ਵਿਚ ਉਤਰ ਕੇ ਤਿਆਰੀਆਂ ਦਾ ਜਾਇਜ਼ਾ ਲੈ ਕੇ ਪੂਰੀ ਵਿਵਸਥਾ ਕਰਵਾ ਰਹੇ ਹਨ। ਇਸ ਤੋਂ ਇਲਾਵਾ ਸਿਹਤ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕੋਵਿਡ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਸਹੂਲਤਾਂ ਉਪਲੱਬਧ ਕਰਵਾਉਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਖੇਡ ਮੰਤਰੀ ਸੰਦੀਪ ਸਿੰਘ ਨੇ ਅੱਜ ਕੁਰੂਕਸ਼ੇਤਰ ਜ਼ਿਲ੍ਹੇ ਵਿਚ ਸ਼ਾਹਬਾਦ ਮਾਰਕੰਡਾ ਦੇ ਨੇੜੇ ਮੀਰੀ ਪੀਰੀ ਹਸਪਤਾਲ, ਥਾਨੇਸਰ ਦੇ ਅਗਰਵਾਲ ਨਰਸਿੰਗ ਹੋਮ, ਲਾਡਵਾ ਦੇ ਵਰਮਾ ਹਸਪਤਾਲ ਅਤੇ ਸ਼ਾਹਬਾਦ ਮਾਰਕੰਡਾ ਦੇ ਸਿਦਾਰਥ ਹਸਪਤਾਲ ਸਣੇ ਹੋਰ ਕੋਵਿਡ ਕੇਂਦਰਾਂ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕੋਵਿਡ-19 ਦੇ ਬਚਾਅ ਪ੍ਰਬੰਧਾਂ ਨਾਲ ਜੁੜੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣਾ ਪੂਰਾ ਡਾਟਾ ਅਪਡੇਟ ਰੱਖਣ ਅਤੇ ਆਪਸ ਵਿਚ ਤਾਲਮੇਲ ਬਣਾ ਕੇ ਇਸ ਸਥਿਤੀ ਨਾਲ ਨਜਿੱਠਣ ਦੇ ਯਤਨ ਜਾਰੀ ਰੱਖਣ ਅਤੇ ਆਮ ਜਨਤਾ ਦੀ ਹਰ ਸੰਭਵ ਮਦਦ ਕਰਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਕੇਂਦਰ ਦੀ ਮਦਦ ਨਾਲ ਸੂਬੇ ਵਿਚ 60 ਆਕਸੀਜਨ ਪਲਾਂਟ ਸ਼ੁਰੂ ਕਰਨ ਦਾ ਕੰਮ ਵੀ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਰਨਾਲ, ਅੰਬਾਲਾ ਤੇ ਸੋਨੀਪਤ ਦੇ ਪਲਾਂਟ ਵਿਚ ਉਤਪਾਦਨ ਸ਼ੁਰੂ ਹੋ ਚੁੱਕਾ ਹੈ।