ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 23 ਸਤੰਬਰ
ਇੱਥੇ ਰੋਡ ਸ਼ੋਅ ਦੌਰਾਨ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਦੀ ਨਵੀਂ ਅਗਾਮੀ ਸਰਕਾਰ ਆਮ ਆਦਮੀ ਪਾਰਟੀ ਤੋਂ ਬਿਨਾਂ ਨਹੀਂ ਬਣ ਸਕੇਗੀ। ਉਨ੍ਹਾਂ ਅੱਜ ਸ਼ਾਮ ਇੱਥੇ ਡੱਬਵਾਲੀ ਹਲਕੇ ਤੋਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਗਦਰਾਣਾ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ਵਿੱਚ ਜਿਹੜੀ ਵੀ ਸਰਕਾਰ ਬਣੇਗੀ, ਉਸ ਤੋਂ ਤੁਹਾਨੂੰ ਮੁਫਤ ਬਿਜਲੀ ਦਿਵਾਉਣਾ ਉਨ੍ਹਾਂ (ਕੇਜਰੀਵਾਲ) ਦੀ ਜ਼ਿੰਮੇਵਾਰੀ ਹੋਵੋਗੀ। ਕੇਂਦਰ ਦੀ ਭਾਜਪਾ ਸਰਕਾਰ ’ਤੇ ਉਨ੍ਹਾਂ ਨੂੰ ਬੇਵਜ੍ਹਾ ਜੇਲ੍ਹ ਵਿੱਚ ਬੰਦ ਰੱਖਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਡੱਬਵਾਲੀ ਹਲਕੇ ’ਤੇ ਇੱਕ ਪਰਿਵਾਰ ਨੇ ਕਬਜ਼ਾ ਕੀਤਾ ਹੋਇਆ ਹੈ। ਇਸ ਪਰਿਵਾਰ ਦਾ ਇੱਕ ਭਰਾ ਇੱਕ ਪਾਰਟੀ ਤੋਂ ਜਦਕਿ ਦੂਜਾ ਕਿਸੇ ਹੋਰ ਪਾਰਟੀ ਤੋਂ ਚੋਣ ਲੜ ਰਿਹਾ ਹੈ। ਇਸ ਮੌਕੇ ‘ਆਪ’ ਹਰਿਆਣੇ ਦੇ ਪ੍ਰਧਾਨ ਸੁਸ਼ੀਲ ਗੁਪਤਾ, ਤਲਵੰਡੀ ਸਾਬੋ ਦੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਗਿੱਦੜਬਾਹਾ ਦੇ ਸੀਨੀਅਰ ‘ਆਪ’ ਆਗੂ ਪ੍ਰਿਤਪਾਲ ਸ਼ਰਮਾ, ਕਾਲਾਂਵਾਲੀ ਤੋਂ ‘ਆਪ’ ਉਮੀਦਵਾਰ ਜਸਦੇਵ ਸਿੰਘ ਨਿੱਕਾ ਮੌਜੂਦ ਸਨ।
ਰੋਡ ਸ਼ੋਅ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼
ਡੱਬਵਾਲੀ ਹਲਕੇ ਤੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਵਿਨੋਦ ਬਾਂਸਲ ਨੇ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਡੱਬਵਾਲੀ ਦੌਰੇ ਮੌਕੇ ਚੋਣ ਜ਼ਾਬਤੇ ਦੀਆਂ ਧੱਜੀਆਂ ਉੱਡਣ ਦੇ ਦੋਸ਼ ਲਗਾਏ ਹਨ।