ਪ੍ਰਭੂ ਦਿਆਲ
ਸਿਰਸਾ, 22 ਜੁਲਾਈ
ਕੁੱਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਿਹਾ ਹੈ ਕਿ ਐੱਮਐੱਸਪੀ ਗਾਰੰਟੀ ਕਾਨੂੰਨ ਬਣਾਉਣ ਲਈ ਭਾਜਪਾ ਸਰਕਾਰ ਦੀ ਨੀਅਤ ਸਾਫ ਨਹੀਂ ਹੈ। ਇਸੇ ਲਈ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਬਣਾਈ ਕਮੇਟੀ ਵਿੱਚ ਥਾਂ ਨਹੀਂ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ ਐੱਮਐੱਸਪੀ ਦੇ ਗਾਰੰਟੀ ਕਾਨੂੰਨ ਤੇ ਹੋਰ ਕਿਸਾਨੀ ਮੁੱਦਿਆਂ ਨੂੰ ਲੈ ਕੇ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸੇ ਲੜੀ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ 31 ਜੁਲਾਈ ਨੂੰ ਚਾਰ ਘੰਟਿਆਂ ਲਈ ਭਾਰਤ ਬੰਦ ਕੀਤਾ ਜਾਵੇਗਾ। ਸ੍ਰੀ ਅਰਸ਼ੀ ਅੱਜ ਇਥੇ ਜਾਟ ਧਰਮਸ਼ਾਲਾ ਵਿੱਚ 31 ਜੁਲਾਈ ਦੇ ਭਾਰਤ ਬੰਦ ਦੀ ਤਿਆਰੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਕੈਨਵੇਨਸ਼ਨ ਵਿੱਚ ਮੁੱਖ ਬੁਲਾਰੇ ਵੱਜੋਂ ਸੰਬੋਧਨ ਕਰ ਰਹੇ ਸਨ। ਇਸ ਮੌਕੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਜੁੜੇ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਕਿਸਾਨ ਆਗੂਆਂ ਨੇ ਦੱਸਿਆ ਕਿ 31 ਜੁਲਾਈ ਨੂੰ ਜਿਥੇ ਭਾਰਤ ਬੰਦ ਦੇ ਤਹਿਤ ਬਾਜ਼ਾਰ ਤੇ ਹੋਰ ਅਦਾਰੇ ਬੰਦ ਰਹਿਣਗੇ ਉਥੇ ਹੀ ਨੈਸ਼ਨਲ ਹਾਈ ਵੇਅ ’ਤੇ ਟੌਲ ਪਲਾਜ਼ਿਆਂ ਨੂੰ ਵੀ ਬੰਦ ਕੀਤੀ ਜਾਵੇਗਾ। ਇਸ ਮੌਕੇ ’ਤੇ ਕਿਸਾਨ ਸਭਾ ਦੇ ਆਗੂ ਡਾ. ਸੁਖਦੇਵ ਸਿੰਘ ਜੰਮੂ, ਲਛਮਣ ਸਿੰਘ ਸ਼ੇਖਾਵਤ, ਜਗਰੂਪ ਸਿੰਘ ਚੌਬੁਰਜਾ, ਰੇਸ਼ਮ ਸਿੰਘ, ਹਰਦੇਵ ਜੋਸ਼, ਭਜਨ ਲਾਲ ਬਾਜੇਕਾਂ, ਗੁਰਤੇਜ ਸਿੰਘ ਬਰਾੜ, ਗੁਰਾਂਦਿੱਤਾ ਬਾਜੇਕਾਂ, ਸੁਰਜੀਤ ਸਿੰਘ ਸਮੇਤ ਅਨੇਕ ਕਿਸਾਨ ਆਗੂ ਤੇ ਕਿਸਾਨ ਮੌਜੂਦ ਸਨ।