ਪ੍ਰਭੂ ਦਿਆਲ
ਸਿਰਸਾ, 13 ਨਵੰਬਰ
ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਜਦੋਂ ਸਰਕਾਰ ਕੋਲ ‘ਮੇਰੀ ਫਸਲ ਮੇਰਾ ਬਿਓਰਾ ਪੋਰਟਲ ’ਤੇ ਫ਼ਸਲ ਦੀ ਬਿਜਾਈ ਦੀ ਜਾਣਕਾਰੀ ਹੈ ਤਾਂ ਫਿਰ ਉਸ ਹਿਸਾਬ ਨਾਲ ਕਿਸਾਨਾਂ ਨੂੰ ਡੀਏਪੀ ਮੁਹੱਈਆ ਕਿਉਂ ਨਹੀਂ ਕਰਵਾਈ ਜਾ ਰਹੀ। ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨ ਪ੍ਰੇਸ਼ਾਨ ਹੋ ਰਿਹਾ ਹੈ। ਡੀਏਪੀ ਨਾ ਮਿਲਣ ਕਾਰਨ ਹਾੜ੍ਹੀ ਦੀ ਬਿਜਾਈ ਦੇ ਪਛੜਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਮੇਰੀ ਫਸਲ ਮੇਰਾ ਬਿਓਰਾ ਦੇ ਵੇਰਵਿਆਂ ਦੇ ਆਧਾਰ ’ਤੇ ਸਰਕਾਰ ਕਿਸਾਨਾਂ ਨੂੰ ਖਾਦ ਦੇ ਕੂਪਨ ਆਨਲਾਈਨ ਵੀ ਦੇ ਸਕਦੀ ਹੈ, ਜਿਸ ਰਾਹੀਂ ਉਹ ਕੇਂਦਰ ਤੋਂ ਆਸਾਨੀ ਨਾਲ ਖਾਦ ਪ੍ਰਾਪਤ ਕਰ ਸਕਦੇ ਹਨ, ਪਰ ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਨਹੀਂ ਹੈ। ਉਹ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ ਅਤੇ ਕਿਸਾਨਾਂ ਦਾ ਸ਼ੋਸ਼ਣ ਹੈ। ਉਨ੍ਹਾਂ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਪੋਰਟਲ ਦੀ ਖੇਡ ਵਿੱਚ ਉਲਝਾ ਕੇ ਰੱਖ ਦਿੱਤਾ ਹੈ। ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਮੇਰੀ ਫ਼ਸਲ ਮੇਰਾ ਬਿਓਰਾ ਪੋਰਟਲ ’ਤੇ ਫ਼ਸਲਾਂ ਦੀ ਰਜਿਸਟਰੇਸ਼ਨ ਕਰਵਾਉਣੀ ਜ਼ਰੂਰੀ ਹੈ ਤਾਂ ਜੋ ਸਰਕਾਰ ਕੋਲ ਇਹ ਵੀ ਰਿਕਾਰਡ ਹੋਵੇ ਕਿ ਕਿਸ ਖੇਤ ਵਿੱਚ ਕਿਹੜੀ ਫ਼ਸਲ ਹੁੰਦੀ ਹੈ। ਇਸ ਪੋਰਟਲ ਰਾਹੀਂ ਸਰਕਾਰ ਕੋਲ ਵਾਹੀਯੋਗ ਜ਼ਮੀਨ ’ਤੇ ਕਿਹੜੀਆਂ ਫ਼ਸਲਾਂ ਬੀਜੀਆਂ ਹਨ ਦੀ ਜਾਣਕਾਰੀ ਹੁੰਦੀ ਹੈ ਤਾਂ ਫਿਰ ਉਸ ਹਿਸਾਬ ਨਾਲ ਕਿਸਾਨਾਂ ਨੂੰ ਖਾਦ ਮੁਹੱਈਆਂ ਕਿਉਂ ਨਹੀਂ ਕਰਵਾਈ ਜਾਂਦੀ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਕੋਲ ਖੇਤੀ ਦੇ ਪੂਰੇ ਅੰਕੜੇ ਹਨ ਤਾਂ ਉਹ ਉਸ ਦੇ ਆਧਾਰ ’ਤੇ ਕਿਸਾਨਾਂ ਦੀਆਂ ਸਹੂਲਤਾਂ ਸਬੰਧੀ ਨੀਤੀਆਂ ਕਿਉਂ ਨਹੀਂ ਬਣਾਉਂਦੀ। ਕਿਸਾਨਾਂ ਨੂੰ ਜਾਣਬੁੱਝ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਕਿਸਾਨ ਆਪਣੀ ਆਵਾਜ਼ ਉਠਾਉਂਦਾ ਹੈ ਤਾਂ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਜਾਂਦਾ ਹੈ।