ਪ੍ਰਭੂ ਦਿਆਲ
ਸਿਰਸਾ, 21 ਦਸੰਬਰ
ਇਥੋਂ ਦੀ ਸੀਆਈਏ ਥਾਣਾ ਪੁਲੀਸ ਨੇ ਪੰਜਾਬ ਦੇ ਗੁਰਦਾਸਪੁਰ ਵਾਸੀ ਅਵਤਾਰ ਸਿੰਘ ਨੂੰ ਹਿਸਾਰ ਦੇ ਇਕ ਹੋਟਲ ’ਚੋਂ ਪੰਜ ਨਾਜਾਇਸ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਇਸ ਤੋਂ ਪਹਿਲਾਂ ਪੁਲੀਸ ਨੇ ਸਿਰਸਾ ਦੇ ਪਿੰਡ ਵੈਦਵਾਲਾ ਵਾਸੀ ਦਾਰਾ ਸਿੰਘ ਤੇ ਇਕ ਹੋਰ ਨੂੰ 14 ਨਾਜਾਇਜ਼ ਪਿਸਤੌਲਾਂ ਨਾਲ ਕਾਬੂ ਕਰ ਚੁੱਕੀ ਹੈ। ਸੀਆਈਏ ਥਾਣਾ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਪੁਲੀਸ ਨੇ ਪਿੰਡ ਵੈਦਵਾਲਾ ਵਾਸੀ ਦਾਰਾ ਸਿੰਘ ਅਤੇ ਇਕ ਹੋਰ ਨੂੰ 14 ਨਾਜਾਇਜ਼ ਪਿਸਤੌਲਾਂ ਸਮੇਤ ਕਾਬੂ ਕੀਤਾ ਸੀ। ਦੋਵਾਂ ਮੁਲਜ਼ਮਾਂ ਨੇ ਰਿਮਾਂਡ ਦੌਰਾਨ ਪੁਲੀਸ ਨੂੰ ਅਹਿਮ ਜਾਣਕਾਰੀਆਂ ਮੁਹੱਈਆ ਕਰਵਾਈਆਂ ਹਨ। ਜਿਸ ਮਗਰੋਂ ਪੁਲੀਸ ਨੇ ਹਿਸਾਰ ਦੇ ਇਕ ਹੋਟਲ ਵਿੱਚ ਛਾਪਾ ਮਾਰ ਕੇ ਇਕ ਨੌਜਵਾਨ ਨੂੰ ਪੰਜ ਨਾਜਾਇਜ਼ ਪਿਸਤੌਲਾਂ ਸਮੇਤ ਕਾਬੂ ਕੀਤਾ ਹੈ ਜਿਸ ਦੀ ਪਛਾਣ ਗੁਰਦਾਰਪੁਰ ਵਾਸੀ ਅਵਤਾਰ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਨਾਜਾਇਜ਼ ਅਸਲੇ ਦਾ ਕਰੋਬਾਰ ਕਰਨ ਵਾਲਾ ਇਹ ਗਰੋਹ ਯੂ.ਪੀ. ਤੇ ਬਿਹਾਰ ਤੋਂ ਅਸਲਾ ਲਿਆ ਕੇ ਪੰਜਾਬ ਤੇ ਹਰਿਆਣਾ ’ਚ ਸਪਲਾਈ ਕਰ ਰਿਹਾ ਸੀ। ਪੁਲੀਸ ਹੁਣ ਇਸ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਗਰੋਹ ਨੇ ਹਰਿਆਣਾ ਤੇ ਪੰਜਾਬ ’ਚ ਕਿਹਾੜੇ ਲੋਕਾਂ ਨੂੰ ਅਸਲਾ ਸਪਲਾਈ ਕੀਤਾ ਹੈ ਤੇ ਇਸ ਦੀ ਕਿੱਥੇ ਵਰਤੋਂ ਕੀਤੀ ਜਾਣੀ ਸੀ।