ਗੁਰਦੀਪ ਸਿੰਘ ਭੱਟੀ
ਟੋਹਾਣਾ, 23 ਜੂਨ
ਇਥੋਂ ਦੇ ਪਿੰਡ ਭੁੰਦੜਾ ਦੇ ਗੁਰਦੁਆਰਾ ਸਿੰਘ ਸਭਾ ਦੀ ਇਮਾਰਤ ਅੱਜ ਦੁਪਹਿਰ ਮਗਰੋਂ ਅਚਾਨਕ ਡਿਗ ਗਈ, ਜਿਸ ਹੇਠ ਦਬ ਕੇ 45 ਸਾਲਾ ਮਿਸਤਰੀ ਦੀ ਮੌਤ ਹੋ ਗਈ। ਹਾਦਸੇ ਤੋਂ ਮਜ਼ਦੂਰਾਂ ਦਾ ਬਚਾਅ ਹੋ ਗਿਆ ਕਿਉਂਕਿ ਉਹ ਕੁੱਝ ਮਿੰਟ ਪਹਿਲਾਂ ਹੀ ਦੁਪਹਿਰ ਦਾ ਭੋਜਨ ਛਕਣ ਲਈ ਇਮਾਰਤ ਵਿੱਚੋਂ ਬਾਹਰ ਆਏ ਸਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹਲਕੇ ਦੀਆਂ 10 ਜੇਸੀਬੀ ਮਸ਼ੀਨਾਂ ਮਲਬਾ ਹਟਾਉਣ ਲਈ ਪੁੱਜ ਗਈਆਂ। ਲਗਪਗ ਦੋ ਘੰਟੇ ਦੀ ਜੱਦੋ-ਜਹਿਦ ਮਗਰੋਂ ਮਿਸਤਰੀ ਦੀ ਲਾਸ਼ ਨੂੰ ਮਲਬੇ ਵਿੱਚੋਂ ਕੱਢਿਆ ਗਿਆ। ਅਸ਼ੋਕ ਕੁਮਾਰ ਰਾਜਸਥਾਨ ਦੇ ਜ਼ਿਲ੍ਹਾ ਚੁਰੂ ਦਾ ਰਹਿਣ ਵਾਲਾ ਸੀ ਤੇ ਪਿੰਡ ਕੁਲਾਂ ਵਿੱਚ ਕਿਰਾਏ ’ਤੇ ਰਹਿੰਦਾ ਸੀ। ਜਾਣਕਾਰੀ ਮੁਤਾਬਕ, ਗੁਰਦੁਆਰਾ ਕਮੇਟੀ ਨੇ 40 ਸਾਲ ਪੁਰਾਣੀ ਇਮਾਰਤ ’ਤੇ ਦੋ ਮੰਜ਼ਿਲਾ ਉਸਾਰੀ ਕਰ ਕੇ ਗੁੰਬਦ ਤਿਆਰ ਕੀਤੇ ਹੋਏ ਸਨ। ਇਮਾਰਤ ਦੇ ਅੰਦਰ ਕੰਧਾਂ ’ਤੇ ਟਾਈਲਾਂ ਲਾਉਣ ਦਾ ਕੰਮ ਚੱਲ ਰਿਹਾ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।