ਰਤੀਆ (ਪੱਤਰ ਪ੍ਰੇਰਕ): ਸ਼ਹਿਰ ਦੀ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨੇ ਪ੍ਰਸ਼ਾਸ਼ਨ ਤੋਂ ਪੂਰੇ ਸ਼ਹਿਰ ਵਿਚ ਫੌਗਿੰਗ ਕਰਵਾਉਣ ਦੀ ਮੰਗ ਕੀਤੀ ਹੈ। ਜਗਸੀਰ ਸਿੰਘ, ਹੈਪੀ ਸਿੰਘ ਸੇਠੀ, ਅਮਰੀਕ ਸਿੰਘ ਪੱਕੀ, ਰੁਪੇਸ਼ ਸਿੰਘ, ਬੰਟੀ ਸਿੰਘ, ਸ਼ਿਵਮ ਸਿੰਘ, ਸਰਵਜੀਤ ਸਿੰਘ, ਗੁਰਵਿੰਦਰ ਸਿੰਘ, ਲਾਡੀ ਮਾਨ, ਨਵਦੀਪ ਸਿੰਘ, ਸ਼ੰਟੀ ਸਿੰਘ, ਹਰਪ੍ਰੀਤ ਸਿੰਘ ਸਮੇਤ ਅਨੇਕਾਂ ਸੇਵਾਦਾਰਾਂ ਨੇ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਜਿਹੀਆਂ ਬਿਮਾਰੀਆਂ ਦਾ ਪ੍ਰਕੋਪ ਨਿਰੰਤਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਮੱਛਰਾਂ ਦੀ ਭਰਮਾਰ ਹੋਣ ਨਾਲ ਲੋਕ ਡੇਂਗੂ ਅਤੇ ਮਲੇਰੀਆ ਦੀ ਚਪੇਟ ਵਿਚ ਆ ਰਹੇ ਹਨ। ਹਾਲਾਂ ਕਿ ਪ੍ਰਸ਼ਾਸਨ ਵਲੋਂ ਕਈ ਇਲਾਕਿਆਂ ਵਿਚ ਫੌਗਿੰਗ ਕਰਵਾਈ ਗਈ ਹੈ ਪਰ ਕਈ ਇਲਾਕੇ ਫੌਗਿੰਗ ਤੋਂ ਵਾਂਝੇ ਰਹਿਣ ਕਾਰਨ ਮੱਛਰਾਂ ਦੀ ਭਰਮਾਰ ਹੋ ਰਹੀ ਹੈ ਜਿਸ ਨਾਲ ਮਲੇਰੀਆ ਜਿਹੀਆਂ ਬਿਮਾਰੀਆਂ ਵਧਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਪੂਰੇ ਸ਼ਹਿਰ ਦੀ ਹਰ ਗਲੀ ਅਤੇ ਹਰ ਮੁਹੱਲੇ ਕਲੋਨੀ ਵਿਚ ਪ੍ਰਸ਼ਾਸਨ ਵੱਲੋਂ ਫੌਗਿੰਗ ਕਰਵਾਈ ਜਾਵੇ ਤਾਂ ਡੇਂਗੂ ਅਤੇ ਮਲੇਰੀਆ ਜਿਹੀਆਂ ਬਿਮਾਰੀਆਂ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਅਜਿਹੇ ਵਿਚ ਪ੍ਰਸ਼ਾਸਨ ਨੂੰ ਪੂਰੇ ਸ਼ਹਿਰ ਵਿੱਚ ਜਲਦੀ ਤੋਂ ਜਲਦੀ ਫੌਗਿੰਗ ਕਰਵਾਉਣੀ ਚਾਹੀਦੀ ਹੈ।