ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 27 ਫਰਵਰੀ
ਡੱਬਵਾਲੀ ਦੇ ਨੌਜਵਾਨ ਹਰਜੀਤ ਸਿੰਘ ਨੇ ਯੂਕਰੇਨ ’ਚ ਘਿਰੇ ਲੋਕਾਂ ਲਈ ਬੰਕਰਾਂ ਅਤੇ ਰੇਲ ਗੱਡੀ ’ਚ ਲੰਗਰ ਲਾ ਦਿੱਤਾ ਹੈ। ਕਾਲਜ ਅਤੇ ਹੋਸਟਲ ਦੀ ਫੀਸ ਲਈ ਰੱਖੇ ਪੈਸਿਆਂ ਨਾਲ ਉਹ ਇਹ ਸੇਵਾ ਕਰ ਰਿਹਾ ਹੈ। ਲੋਕਾਂ ਤੱਕ ਲੰਗਰ ਪਹੁੰਚਾਉਣ ਲਈ ਉਸ ਦੇ ਲਗਪਗ 20 ਦੋਸਤ ਮਦਦ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਉਸ ਦੀ ਲੰਗਰ ਵਰਤਾਉਂਦੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਇਕ ਸਿੱਖ ਸੰਸਥਾ ਨੇ ਉਸ ਨੂੰ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਡੱਬਵਾਲੀ ਦੇ ਪਿੰਡ ਸਕਤਾਖੇੜਾ ਦਾ ਵਸਨੀਕ ਹਰਜੀਤ ਸਿੰਘ ਖਾਰਕੀਵ ’ਚ ਇਲੈਕਟ੍ਰਾਨਿਕ ਦੀ ਪੜ੍ਹਾਈ ਕਰ ਰਿਹਾ ਹੈ। ਹਰਜੀਤ ਨੇ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਹੋਸਟਲ ਵਿਚ ਲੰਗਰ ਬਣਾਉਣ ਦੇ ਬਹੁਤੇ ਵਸੀਲੇ ਨਾ ਹੋਣ ਕਰਕੇ ਹੁਣ ਉਸ ਨੇ ਹੁਣ ਲੰਗਰ ਦੀ ਜਗ੍ਹਾ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਭੇਜਣ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਉਹ ਖਾਰਕੀਵ ਤੋਂ 1400-1500 ਕਿਲੋਮੀਟਰ ਦੂਰ ਆ ਗਿਆ ਹੈ। ਉਹ ਭਾਰਤੀ ਸਫ਼ਾਰਤਖਾਨੇ ਦੇ ਸੰਪਰਕ ਵਿੱਚ ਹੈ ਅਤੇ ਵਿਦਿਆਰਥੀਆਂ ਦੇ ਦਸਤਾਵੇਜ਼ ਪੂਰੇ ਕਰਵਾ ਰਿਹਾ ਹੈ। ਉਸ ਨੇ ਕਿਹਾ ਕਿ ਸਿੱਖ ਸੰਸਥਾ ਨੇ ਉਸ ਨੂੰ ਹਰ ਸੰਭਵ ਮਦਦ ਕਰਨ ਲਈ ਆਖਿਆ ਹੈ ਪਰ ਫਿਲਹਾਲ ਉਸ ਨੇ ਪੱਲਿਓਂ ਮੁਹਿੰਮ ਵਿੱਢੀ ਹੋਈ ਹੈ। ਉਸ ਕੋਲ ਹੋਸਟਲ ਅਤੇ ਕਾਲਜ ਫ਼ੀਸ ਦੀ ਰਕਮ ਪਈ ਹੈ। ਉਸ ਦਾ ਮੁੱਖ ਟੀਚਾ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਦੇਸ਼ ਭੇਜਣਾ ਹੈ। ਉਸ ਨੇ ਆਖਿਆ, ‘‘ਤੁਸੀਂ ਮਾਂ ਨੂੰ ਨਾ ਦੱਸਿਓ ਕਿ ਮੈਂ ਕਾਲਜ ਤੋਂ ਸੈਂਕੜੇ ਮੀਲ ਦੂਰ ਇੰਝ ਡਟਿਆ ਹੋਇਆ ਹਾਂ। ਉਹ ਫ਼ਿਕਰ ਕਰੇਗੀ।’’
‘ਖਾਲਸਾ ਏਡ’ ਵੱਲੋਂ ਸ਼ਲਾਘਾ
ਜੰਗੀ ਹਾਲਾਤ ਵਿੱਚ ਕੀਤੀ ਜਾ ਰਹੀ ਸੇਵਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੂਰੇ ਦੇਸ਼ ਵਿਚ ਉਸ ਦੀ ਸ਼ਲਾਘਾ ਹੋ ਰਹੀ ਹੈ। ‘ਖਾਲਸਾ ਏਡ’ ਨੇ ਸੋਸ਼ਲ ਮੀਡੀਆ ’ਤੇ ਉਸ ਦੀ ਸ਼ਲਾਘਾ ਕਰਦਿਆਂ ਲਿਖਿਆ, ‘‘ਯੂਕਰੇਨ: ਰੇਲ ਗੱਡੀ ਵਿਚ ਗੁਰੂ ਕਾ ਲੰਗਰ। ਯੂਕਰੇਨ ਦੇ ਪੂਰਬ ਤੋਂ ਪੱਛਮ ਵੱਲ ਜਾ ਰਹੀ ਇਸ ਟਰੇਨ ’ਤੇ ਸਫਰ ਕਰ ਰਹੇ ਲੋਕ ਕਿੰਨੇ ਖੁਸ਼ਕਿਸਮਤ ਹਨ। ਹਰਦੀਪ ਸਿੰਘ ਵੱਖ-ਵੱਖ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਨੂੰ ਲੰਗਰ ਅਤੇ ਹੋਰ ਸਹਾਇਤਾ ਦੇ ਰਿਹਾ ਹੈ। ਰੂਸੀ ਫ਼ੌਜ ਦੇ ਯੂਕਰੇਨ ਵਿਚ ਦਾਖਲ ਹੋਣ ਤੋਂ ਬਾਅਦ ਉਹ ‘ਖਾਲਸਾ ਏਡ’ ਦੇ ਸੰਪਰਕ ਵਿਚ ਹੈ। ਕਿੰਨਾ ਚੰਗਾ ਨੌਜਵਾਨ ਹੈ। ਲੋਕਾਂ ਪ੍ਰਤੀ ਚੜ੍ਹਦੀ ਕਲਾ ’ਚ ਦੇਖ ਕੇ ਚੰਗਾ ਲੱਗਿਆ।’’