ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 31 ਅਕਤੂਬਰ
ਜਨ ਨਾਇਕ ਜਨਤਾ ਪਾਰਟੀ ਦੇ ਨੌਜਵਾਨ ਜ਼ਿਲ੍ਹਾ ਪ੍ਰਧਾਨ ਤੇ ਸ਼ੂਗਰਕੇਨ ਕੰਟਰੋਲ ਬੋਰਡ ਦੇ ਮੈਂਬਰ ਜਸਵਿੰਦਰ ਸਿੰਘ ਖਹਿਰਾ ਨੇ ਕਿਹਾ ਹੈ ਕਿ ਜਿਨ੍ਹਾਂ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤ ਬਣੀ ਹੈ ਉਹ ਪਿੰਡ ਦੇ ਲੋਕਾਂ ਦੇ ਆਪਸੀ ਭਾੲਚਾਰੇ ਦੀ ਮਿਸਾਲ ਹੈ। ਪਿੰਡ ਵਾਸੀਆਂ ਨੂੰ ਚਾਹੀਦਾ ਹੈ ਕਿ ਸਾਰੇ ਪਿੰਡਾਂ ਵਿੱਚ ਹੀ ਸਰਬਸੰਮਤੀ ਨਾਲ ਸਰਪੰਚ ਚੁਣਨ ਤਾਂ ਜੋ ਚੰਗਾ ਵਿਅਕਤੀ ਪਿੰਡ ਦੇ ਭਲਾਈ ਲਈ ਪੰਜ ਸਾਲ ਤੱਕ ਵਿਕਾਸ ਦੇ ਕੰਮ ਕਰ ਸਕੇ। ਡਾ. ਖਹਿਰਾ ਨੇ ਹੰਸਾਲਾ ਦੇ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ ਹਰਜੀਤ ਸਿੰਘ ਮੁਲਤਾਨੀ ਨੂੰ ਖਹਿਰਾ ਫਾਰਮ ਪੁੱਜਣ ’ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸਰਬਸੰਮਤੀ ਨਾਲ ਚੁਣਿਆ ਸਰਪੰਚ ਪਿੰਡ ਵਿੱਚ ਵਿਕਾਸ ਜ਼ਿਆਦਾ ਕਰਵਾ ਕੇ ਪਿੰਡ ਦੀ ਨੁਹਾਰ ਬਦਲੇਗਾ। ਉਨ੍ਹਾਂ ਨੇ ਹਰਜੀਤ ਸਿੰਘ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੰਡ ਦੀ ਵਧੀਆ ਸੋਚ ਹੈ, ਜਿਨ੍ਹਾਂ ਨੇ ਉਸ ਦੀ ਇਮਾਨਦਾਰੀ ਨੂੰ ਦਰਸਾਇਆ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਮੁਲਤਾਨੀ ਪਿੰਡ ਵਿੱਚ ਪੰਜ ਸਾਲ ਵਿੱਚ ਰਿਕਾਰਡ ਤੋੜ ਵਿਕਾਸ ਕਰਵਾ ਕੇ ਸਰਕਾਰ ਦੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਕੰਮ ਕਰਨਗੇ। ਮੁਲਤਾਨੀ ਨੇ ਕਿਹਾ ਕਿ ਉਨ੍ਹਾਂ ਨੇ ਸਮਾਜ ਸੇਵਾ ਦੇ ਗੁਰ ਡਾ. ਖਹਿਰਾ ਤੋਂ ਸਿੱਖੇ ਹਨ ਤੇ ਉਹ ਭਰੋਸਾ ਦਿੰਦੇ ਹਨ ਕਿ ਉਹ ਪੰਜ ਸਾਲ ਵਿੱਚ ਪਿੰਡ ਦੀ ਨੁਹਾਰ ਬਦਲ ਦੇਣਗੇ।