ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 30 ਅਕਤੂਬਰ
ਹਰਿਆਣਾ ਵਿੱਚ ਪੰਚਾਇਤੀ ਚੋਣਾਂ ਦੇ ਪਹਿਲੇ ਗੇੜ ਵਿੱਚ 9 ਜ਼ਿਲ੍ਹਿਆਂ ਦੀਆਂ 1278 ਪੰਚਾਇਤ ਸਮਿਤੀਆਂ ਅਤੇ 175 ਜ਼ਿਲ੍ਹਾ ਪਰਿਸ਼ਦਾਂ ਲਈ 70 ਫ਼ੀਸਦ ਤੋਂ ਵੱਧ ਲੋਕਾਂ ਵੱਲੋਂ ਆਪਣੇ ਵੋਟ ਦੀ ਵਰਤੋਂ ਕੀਤੀ ਗਈ ਹੈ। ਇਹ ਵੋਟਾਂ ਸੂਬੇ ਦੇ ਭਿਵਾਨੀ, ਝੱਜਰ, ਜੀਂਦ, ਕੈਥਲ, ਮਹਿੰਦਰਗੜ੍ਹ, ਨੂਹ, ਪੰਚਕੂਲਾ, ਪਾਣੀਪਤ ਅਤੇ ਯਮੁਨਾਨਗਰ ਵਿੱਚ ਪਈਆਂ ਹਨ। ਇੱਥੇ 49,67,092 ਵੋਟਰਾਂ ਵਿੱਚੋਂ 35 ਲੱਖ ਦੇ ਕਰੀਬ ਵੋਟਰਾਂ ਨੇ ਆਪਣੇ ਵੋਟ ਦੀ ਵਰਤੋਂ 6019 ਪੋਲਿੰਗ ਬੂਥਾਂ ’ਤੇ ਕੀਤੀ ਹੈ। ਪੰਚਾਇਤੀ ਚੋਣਾਂ ਦੇ ਪਹਿਲੇ ਗੇੜ ਵਿੱਚ ਵਿੱਚ ਸਭ ਤੋਂ ਵੱਧ ਵੋਟਾਂ ਪੰਚਕੂਲਾ ਵਿੱਚ 77.9 ਫ਼ੀਸਦ ਵੋਟਾਂ ਪਈਆਂ ਹਨ ਜਦਕਿ ਝੱਜਰ ਵਿੱਚ ਸਭ ਤੋਂ ਘੱਟ 66.2 ਫ਼ੀਸਦ ਵੋਟਾਂ ਪਈਆਂ ਹਨ। ਇਸੇ ਤਰ੍ਹਾਂ ਯਮੁਨਾਨਗਰ ਵਿੱਚ 74.7 ਫ਼ੀਸਦ, ਪਾਣੀਪਤ ਵਿੱਚ 71.8 ਫ਼ੀਸਦ, ਨੂਹ ਵਿੱਚ 71.9 ਫ਼ੀਸਦ, ਭਿਵਾਨੀ ਵਿੱਚ 69.2 ਫ਼ੀਸਦ, ਜੀਂਦ ਵਿੱਚ 68.8 ਫ਼ੀਸਦ, ਕੈਥਲ ਵਿਚ 67.6 ਅਤੇ ਮਹਿੰਦਰਗੜ੍ਹ ਵਿੱਚ 69.5 ਫ਼ੀਸਦ ਵੋਟਾਂ ਪਈਆਂ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਵਿੱਚ ਪੰਚਾਇਤੀ ਚੋਣਾਂ ਦੇ ਪਹਿਲੇ ਗੇੜ ਵਿੱਚ ਸਵੇਰ ਸਮੇਂ ਵੋਟਿੰਗ ਦਾ ਰੁਝਾਨ ਮੱਠਾ ਰਿਹਾ ਹੈ। ਸਵੇਰੇ 10 ਵਜੇ ਤੱਕ ਸੂਬੇ ਵਿੱਚ 10 ਫ਼ੀਸਦ ਵੋਟਿੰਗ ਹੋਈ ਸੀ। ਦਿਨ ਚੜ੍ਹਨ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਵੋਟਰਾਂ ਨੇ ਪੋਲਿੰਗ ਸਟੇਸ਼ਨ ’ਤੇ ਪਹੁੰਚ ਕੇ ਆਪਣੇ ਵੋਟ ਦੀ ਵਰਤੋਂ ਕੀਤੀ। ਦੱਸਣਯੋਗ ਹੈ ਕਿ ਹਰਿਆਣਾ ਵਿੱਚ ਪੰਚਾਇਤੀ ਚੋਣਾਂ ਨੂੰ ਤਿੰਨ ਗੇੜ ਵਿੱਚ ਕਰਵਾਇਆ ਜਾ ਰਿਹਾ ਹੈ। ਦੂਜੇ ਗੇੜ ਦੀ ਵੋਟਿੰਗ 22 ਨਵੰਬਰ ਨੂੰ ਅਤੇ ਤੀਜੇ ਗੇੜ ਦੀ ਵੋਟਿੰਗ 25 ਨਵੰਬਰ ਨੂੰ ਹੋਵੇਗੀ। ਜਦਕਿ ਤਿੰਨਾਂ ਗੇੜਾਂ ਦੀਆਂ ਵੋਟਾਂ ਦੀ ਗਿਣਤੀ 27 ਨਵੰਬਰ ਨੂੰ ਹੋਵੇਗੀ। ਉਸ ਤੋਂ ਬਾਅਦ ਹੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।
ਯਮੁਨਾਨਗਰ ਵਿੱਚ ਚੋਣ ਡਿਊਟੀ ’ਤੇ ਤਾਇਨਾਤ ਅਧਿਕਾਰੀ ਦੀ ਮੌਤ
ਯਮੁਨਾਨਗਰ ਦੇ ਪਿੰਡ ਫਤਿਹਪੁਰ ਵਿਚ ਚੋਣ ਡਿਊਟੀ ’ਤੇ ਤਾਇਨਾਤ ਅਧਿਕਾਰੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਸ਼ੋਕ ਕੁਮਾਰ ਵਜੋਂ ਹੋਈ ਹੈ, ਜੋ ਕਿ ਜਗਾਧਰੀ ਦੇ ਸੈਕਟਰ-17 ਵਿਚਲੇ ਸਕੂਲ ਵਿੱਚ ਬਤੌਰ ਮਾਸਟਰ ਤਾਇਨਾਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨਿਚਰਵਾਰ ਰਾਤ ਅਸ਼ੋਕ ਕੁਮਾਰ ਚੋਣ ਡਿਊਟੀ ਲਈ ਪਹੁੰਚ ਗਿਆ। ਉਹ ਰਾਤ ਵੇਲੇ ਖਾਣਾ ਖਾ ਕੇ ਸੌਂ ਗਏ ਅਤੇ ਸਵੇਰੇ 5.30 ਵਜੇ ਉਠਾਉਣ ’ਤੇ ਮ੍ਰਿਤਕ ਪਾਏ ਗਏ।