ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਅਗਸਤ
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਕਰੋਨਾਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਐਤਵਾਰ ਰਾਤ ਸਾਹ ਲੈਣ ਵਿੱਚ ਤਕਲੀਫ਼ ਮਗਰੋਂ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਨਮੂਨੇ ਦੀ ਜਾਂਚ ਦੌਰਾਨ ਉਹ ਕਰੋਨਾ ਪਾਜ਼ੇਟਿਵ ਨਿਕਲ ਆਏ। ਇਸ ਦੌਰਾਨ ਵਿਧਾਨ ਸਭਾ ਦੇ 6 ਰੈਗੂਲਰ ਤੇ 3 ਠੇਕਾ ਮੁਲਾਜ਼ਮ ਵੀ ਵਾਇਰਸ ਦੀ ਲਾਗ ਨਾਲ ਪੀੜਤ ਦੱਸੇ ਜਾਂਦੇ ਹਨ। ਚੇਤੇ ਰਹੇ ਕਿ 26 ਅਗਸਤ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਲਈ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਕਰੋਨਾ ਟੈਸਟ ਲਈ ਵਿਧਾਨ ਸਭਾ ਸਕੱਤਰੇਤ ਵਿੱਚ ਵਿਸ਼ੇਸ਼ ਕੈਂਪ ਲਾਇਆ ਗਿਆ ਸੀ। ਅਜੇ ਸ਼ਨਿੱਚਰਵਾਰ ਨੂੰ ਵਿਧਾਨ ਸਭਾ ਨੂੰ ਸੈਨੇਟਾਈਜ਼ ਕੀਤਾ ਗਿਆ ਸੀ ਤੇ ਅੱਜ ਮੁੜ ਸੈਨੇਟਾਈਜ਼ ਕੀਤਾ ਜਾਵੇਗਾ। ਸਪੀਕਰ ਗੁਪਤਾ ਮਗਰੋੋਂ ਉਨ੍ਹਾਂ ਦੇ ਸਿਆਸੀ ਸਕੱਤਰ ਤੇ ਭਾਣਜੇ ਅਮਿਤ ਗੁਪਤਾ ਦੀ ਰਿਪੋਰਟ ਵੀ ਪਾਜ਼ੇਟਿਵ ਆ ਚੁੱਕੀ ਹੈ।