ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 30 ਸਤੰਬਰ
ਕਿਸਾਨਾਂ ਦੇ ਖੇਤੀ ਬਿੱਲਾਂ ਬਾਰੇ ਖਦਸ਼ੇ ਪਾਸ ਹੋਣ ਦੇ ਪਹਿਲੇ ਦਸ ਦਿਨਾਂ ਅੰਦਰ ਹੀ ਪ੍ਰਤੱਖ ਹੋ ਕੇ ਪ੍ਰਮਾਣ ਦੇਣ ਲੱਗੇ ਹਨ। ਹਰਿਆਣਾ ਸਰਕਾਰ ਨੇ ਰਾਈਸ ਮਿੱਲਰਜ਼ ਨੂੰ ਪੰਜਾਬ ਅਤੇ ਰਾਜਸਥਾਨ ਦੇ ਸਰਹੱਦੀ ਖੇਤਰਾਂ ਦੇ ਕਿਸਾਨਾਂ ਦਾ ਝੋਨਾ ਨਾ ਖਰੀਦਣ ਦਾ ਫੁਰਮਾਨ ਸੁਣਾਇਆ ਹੈ।
ਪੰਜਾਬ ਅਤੇ ਰਾਜਸਥਾਨ ਦੇ ਝੋਨੇ ਦੀ ਮਿਲਿੰਗ ’ਤੇ ਪਾਬੰਦੀ ਲੱਗਣ ਖ਼ਿਲਾਫ਼ ਹਰਿਆਣਾ ਰਾਈਸ ਮਿੱਲਰਜ਼ ਐਸੋਸੀਏਸ਼ਨ ਸੰਘਰਸ਼ ਦੇ ਰਾਹ ’ਤੇ ਉੱਤਰ ਆਈ ਹੈ। ਉਨ੍ਹਾਂ ਗਲਤ ਸਰਕਾਰੀ ਨੀਤੀਆਂ ਖ਼ਿਲਾਫ਼ ਫੂਡ ਸਪਲਾਈ ਵਿਭਾਗ ਕੋਲ ਰਜਿਸਟਰੇਸ਼ਨ ਤੋਂ ਕੋਰੀ ਨਾਂਹ ਕਰਕੇ ਝੋਨਾ ਮਿਲਿੰਗ ਨਾ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਭਾਜਪਾ ਸ਼ਾਸਤ ਸੂਬੇ ਹਰਿਆਣਾ ਵਿੱਚ ਖੇਤੀ ਬਿੱਲ ਦੇ ਮੂਲ ਆਧਾਰ ਕਿਸਾਨਾਂ ਨੂੰ ਕਿਧਰੇ ਵੀ ਫ਼ਸਲ ਵੇਚਣ ਦਾ ਅਧਿਕਾਰ ਸਿਰੇ ਤੋਂ ਖਾਰਜ ਹੋ ਗਿਆ ਹੈ। ਦੂਜੇ ਪਾਸੇ ਕੇਂਦਰ ਸਰਕਾਰ ਖੇਤੀ ਬਿੱਲਾਂ ’ਚ ਗੈਰ-ਦਰਜ ਮੱਦ ‘ਐੱਮਐੱਸਪੀ’ ਦੇ ਵੀ ਲਾਗੂ ਰਹਿਣ ਦੇ ਦਮਗਜ਼ੇ ਮਾਰ ਰਹੀ ਹੈ।
ਐਸੋਸੀਏਸ਼ਨ ਨੂੰ ਸਰਕਾਰ ਵੱਲੋਂ ਕਿਸਾਨਾਂ ਤੋਂ ਸਿੱਧਾ ਝੋਨਾ ਖਰੀਦਣ ਅਤੇ ਸੂਬਾ ਸਰਕਾਰ ਦੀ ਨਵੀਂ ਪਾਲਿਸੀ ਤਹਿਤ ਮੰਡੀਆਂ ਤੋਂ ਲੋਡਿੰਗ ’ਚ ਠੇਕੇਦਾਰ ਪ੍ਰਥਾ ਸ਼ੁਰੂ ਕਰਨ ਅਤੇ ਦੂਜਿਆਂ ਸੂਬਿਆਂ ਦਾ ਝੋਨਾ ਨਾ ਖਰੀਦਣ ’ਤੇ ਤਿੱਖਾ ਇਤਰਾਜ਼ ਹੈ। ਇਸ ਦੇ ਇਲਾਵਾ ਸਕਿਉਰਿਟੀ ਫੀਸ ਵੀ ਪੰਜ ਗੁਣਾ ਵਧਾ ਦਿੱਤੀ ਗਈ ਹੈ। ਹੁਣ ਬਾਰਦਾਨਾ ਵੀ ਸੌ ਫ਼ੀਸਦੀ ਮਿੱਲਰਾਂ ਵੱਲੋਂ ਲਗਾਇਆ ਜਾਵੇਗਾ। ਹਰਿਆਣੇ ’ਚ ਕੁੱਲ 1328 ਰਾਈਸ ਮਿੱਲਾਂ ਹਨ, ਜਿਨ੍ਹਾਂ ’ਚੋਂ ਸਿਰਸਾ ਜ਼ਿਲ੍ਹੇ ਵਿੱਚ 26 ਅਤੇ ਡੱਬਵਾਲੀ ਖੇਤਰ ਵਿੱਚ 11 ਰਾਈਸ ਮਿੱਲ (ਸ਼ੈਲਰ) ਹਨ। ਬਾਹਰੀ ਸੂਬਿਆਂ ਦੇ ਝੋਨੇ ’ਤੇ ਪਾਬੰਦੀ ਲੱਗਣ ਨਾਲ ਡੱਬਵਾਲੀ, ਕਾਲਾਂਵਾਲੀ, ਰਤੀਆ, ਟੋਹਾਣਾ ਅਤੇ ਕਰਨਾਲ ਸਮੇਤ ਸਰਹੱਦੀ ਖੇਤਰਾਂ ਦੇ ਸੈਂਕੜੇ ਰਾਈਸ ਮਿੱਲਰ ਪ੍ਰਭਾਵਤ ਹੋਣਗੇ। ਰਾਈਸ ਮਿੱਲਰਾਂ ਅਨੁਸਾਰ ਇਸ ਫ਼ੈਸਲੇ ਨਾਲ ਹਰਿਆਣਾ ਖੇਤਰ ਦਾ 30 ਫ਼ੀਸਦੀ ਝੋਨਾ ਹੀ ਮਿਲ ਸਕੇਗਾ, ਜਿਸ ਕਾਰਨ ਉਨ੍ਹਾਂ ਦੇ ਖਰਚੇ ਪੂਰੇ ਨਹੀਂ ਹੋਣਗੇ।
ਸੂਬਾ ਪ੍ਰਧਾਨ ਹੰਸਰਾਜ ਨੇ ਕਿਹਾ ਕਿ ਸਰਕਾਰ ਰਾਈਸ ਮਿੱਲਰਾਂ ਦੀਆ ਜਾਇਜ਼ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ ਅਤੇ ਉਹ ਗੈਰਵਾਜਬ ਸ਼ਰਤਾਂ ’ਤੇ ਕੰਮ ਕਰਨ ਨੂੰ ਤਿਆਰ ਨਹੀਂ ਹਨ। ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਜੇਕਰ ਸਰਹੱਦੀ ਖੇਤਰਾਂ ’ਚ ਝੋਨਾ ਨਹੀਂ ਆਇਆ ਤਾਂ ਮਿੱਲ ਫੇਲ੍ਹ ਹੋ ਜਾਣਗੇ।
ਜ਼ਿਲ੍ਹਾ ਸਿਰਸਾ ਦੇ ਡੀਐੱਫਐੱਸਓ ਸੁਰਿੰਦਰ ਸੈਣੀ ਨੇ ਕਿਹਾ ਕਿ ਬਾਹਰੀ ਸੂਬਿਆਂ ਦੇ ਝੋਨੇ ਲਈ ਰੀਵਿਊ ਕੀਤਾ ਜਾਵੇਗਾ ਅਤੇ ਪੋਰਟਲ ਛੇਤੀ ਖੁੱਲ੍ਹਣ ਦੀ ਉਮੀਦ ਹੈ।
ਕਿਸਾਨਾਂ ਨੇ ਦੁਸ਼ਯੰਤ ਦਾ ਭਾਜਪਾ ਨਾਲੋਂ ਤੋੜ-ਵਿਛੋੜਾ ਕਰਵਾਉਣ ਲਈ ਕਮਰ ਕੱਸੀ
ਡੱਬਵਾਲੀ: ਹਰਿਆਣਾ ’ਚ ਭਾਜਪਾ ਦੇ ਸਹਿਯੋਗੀ ਸਿਆਸਤਦਾਨਾਂ ਦਾ ਪੰਜਾਬ ਦੇ ਅਕਾਲੀ ਦਲ ਵਾਂਗ ਭਾਜਪਾ ਨਾਲੋਂ ਤੋੜ-ਵਿਛੋੜਾ ਕਰਵਾਉਣ ਲਈ ਕਿਸਾਨਾਂ ਨੇ ਕਮਰ ਕੱਸ ਲਈ ਹੈ। ਹਰਿਆਣਾ ਦੇ 17 ਕਿਸਾਨ ਸੰਗਠਨਾਂ ਨੇ 6 ਅਕਤੂਬਰ ਨੂੰ ਸਿਰਸਾ ’ਚ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪਿੰਡ ਚੌਟਾਲਾ ਤੋਂ ਲਾਮਬੰਦੀ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਹਰਿਆਣਾ ਕਿਸਾਨ ਮੰਚ ਦੇ ਸੂਬਾ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਅੱਜ ਕਿਸਾਨਾਂ ਅਤੇ ਨੌਜਵਾਨਾਂ ਨਾਲ ਡੱਬਵਾਲੀ ਵਿਚ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਗੱਠਜੋੜ ਸਰਕਾਰ ਵਿਚ ਉੱਚ ਅਹੁਦਿਆਂ ’ਤੇ ਬੈਠੇ ਦੋਵਾਂ ਆਗੂਆਂ ਦਾ ਘਿਰਾਓ ਚੌਧਰੀ ਦੇਵੀ ਲਾਲ ਦੇ ਪੁੱਤਰ ਅਤੇ ਪੋਤਰੇ ਹੋਣ ਕਰਕੇ ਕੀਤਾ ਜਾ ਰਿਹਾ ਹੈ। ਜੇ ਅੱਜ ਚੌਧਰੀ ਦੇਵੀ ਲਾਲ ਜਿਉਂਦੇ ਹੁੰਦੇ ਤਾਂ ਉਨ੍ਹਾਂ ਕਿਸਾਨ ਮਾਰੂ ਬਿੱਲ ਖਿਲਾਫ਼ ਝੰਡਾ ਬੁਲੰਦ ਕਰ ਦੇਣਾ ਸੀ। ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਨੂੰ ਉਪ ਮੁੱਖ ਮੰਤਰੀ ਅਤੇ ਮੰਤਰੀ ਦੇ ਅਹੁਦੇ ਤਿਆਗ ਕੇ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਭਾਰੂਖੇੜਾ ਨੇ ਕਿਹਾ ਕਿ ਪੰਜਾਬ ਦੇ ਗਾਇਕ ਵੀ 6 ਅਕਤੂਬਰ ਨੂੰ ਸਿਰਸਾ ’ਚ ਪੁੱਜਣਗੇ।