ਚੰਡੀਗੜ੍ਹ, 13 ਅਗਸਤ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਛੋਟੇ ਭਰਾ ਗੁਲਸ਼ਨ ਖੱਟਰ ਦੀ ਅੱਜ ਸਵੇਰੇ ਨਮੂਨੀਆ ਕਾਰਨ ਗੁਰੂਗ੍ਰਾਮ ਦੇ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। 56 ਸਾਲਾ ਗੁਲਸ਼ਨ ਦੇ ਪਰਿਵਾਰ ਵਿੱਚ ਪਤਨੀ ਅਤੇ ਤਿੰਨ ਬੱਚੇ ਹਨ। ਮੁੱਖ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ, “ਇਹ ਮੇਰੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।” ਮਨੋਹਰ ਲਾਲ ਖੱਟਰ ਸੱਤ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ ਹਨ। ਰੋਹਤਕ ਜ਼ਿਲ੍ਹੇ ਦੇ ਭਿਵਾਨੀ ਚੁੰਗੀ ਇਲਾਕੇ ਦੇ ਕੋਲ ਰਹਿਣ ਵਾਲੇ ਗੁਲਸ਼ਨ ਖੱਟਰ ਨੂੰ ਪਹਿਲਾਂ ਪੀਜੀਆਈ ਰੋਹਤਕ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਬੁੱਧਵਾਰ ਨੂੰ ਗੁਰੂਗ੍ਰਾਮ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਰੋਹਤਕ ਵਿੱਚ ਅੱਜ ਕੀਤਾ ਜਾਵੇਗਾ।