ਚੰਡੀਗੜ੍ਹ, 27 ਦਸੰਬਰ
ਅੱਜ ਹਰਿਆਣਾ ਨਿਗਮ ਚੋਣਾਂ ਦੌਰਾਨ 60 ਫ਼ੀਸਦੀ ਮਤਦਾਨ ਹੋਇਆ ਤੇ ਇਸ ਦੌਰਾਨ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ। ਇਸ ਮੌਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ ਤੇ ਕਰੋਨਾਵਾਇਰਸ ਨਾਲ ਸਬੰਧਤ ਨਿਯਮਾਂ ਦਾ ਵੀ ਧਿਆਨ ਰੱਖਿਆ ਗਿਆ। ਵੋਟਾਂ ਸਵੇਰੇ 8 ਵਜੇ ਪੈਣੀਆਂ ਸ਼ੁਰੂ ਹੋਈਆਂ ਜੋ ਸ਼ਾਮ 5:30 ਤਕ ਜਾਰੀ ਰਹੀਆਂ। ਸੁੂਬਾਈ ਚੋਣ ਕਮਿਸ਼ਨਰ ਦਲੀਪ ਕੁਮਾਰ ਨੇ ਕਿਹਾ ਕਿ 60 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ। ਚੋਣਾਂ ਸ਼ਾਂਤਮਈ ਮਾਹੌਲ ਵਿੱਚ ਸਿਰੇ ਚੜ੍ਹੀਆਂ। ਉਨ੍ਹਾਂ ਦੱਸਿਆ ਕਿ ਅੰਬਾਲਾ, ਪੰਚਕੂਲਾ ਤੇ ਸੋਨੀਪਤ ਦੇ ਸਾਰੇ ਵਾਰਡਾਂ ਦੇ ਮੇਅਰ ਤੇ ਮੈਂਬਰ ਚੁਣਨ; ਨਗਰ ਕੌਂਸਲ ਰੇਵਾੜੀ ਤੇ ਮਿਉਂਸਿਪਲ ਕਮੇਟੀਆਂ ਸਾਂਪਲਾ, ਧਰੂਹੇੜਾ ਤੇ ਉਕਲਾਣਾ ਦੇ ਪ੍ਰਧਾਨ ਤੇ ਮੈਂਬਰ ਚੁਣਨ ਲਈ ਇਹ ਵੋਟਾਂ ਪਈਆਂ ਹਨ। ਨਤੀਜੇ 30 ਦਸੰਬਰ ਨੂੰ ਆਉਣਗੇ। -ਪੀਟੀਆਈ