ਆਤਿਸ਼ ਗੁਪਤਾ
ਚੰਡੀਗੜ੍ਹ, 15 ਮਈ
ਹਰਿਆਣਾ ਦੇ ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕਾਲੀ ਫੰਗਸ ਨੂੰ ਨੋਟੀਫਾਈ ਬਿਮਾਰੀ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜੇ ਅਜਿਹੀ ਬਿਮਾਰੀ ਦੇ ਮਰੀਜ਼ ਸਰਕਾਰੀ ਜਾਂ ਨਿੱਜੀ ਹਸਪਤਾਲਾਂ ਵਿੱਚ ਸਾਹਮਣੇ ਆਉਂਦੇ ਹਨ ਤਾਂ ਡਾਕਟਰਾਂ ਨੂੰ ਸਬੰਧਿਤ ਚੀਫ਼ ਮੈਡੀਕਲ ਅਫਸਰ (ਸੀਐੱਮਓ) ਨੂੰ ਇਸ ਦੀ ਜਾਣਕਾਰੀ ਦੇਣੀ ਹੋਵੇਗੀ। ਮਿਊਕਰ ਮਾਈਕਰੋਸਿਸ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਕਾਲਾ ਫੰਗਸ ਮਿਊਕਰ ਨਾਮ ਦੇ ਫੰਗਸ ਨਾਲ ਫੈਲਦਾ ਹੈ। ਸਿਹਤ ਮੰਤਰੀ ਪੀਜੀਆਈਐੱਮਐੱਸ, ਰੋਹਤਕ ਵਿੱਚ ਸੂਬੇ ਦੇ ਸੀਨੀਅਰ ਸਿਹਤ ਅਧਿਕਾਰੀਆਂ ਨਾਲ ਕਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਸਾਰੇ ਡਾਕਟਰਾਂ ਨਾਲ ਵੀਡੀਓ ਕਾਨਫਰ਼ੰਸਿੰਗ ਨਾਲ ਮੀਟਿੰਗ ਕਰਨਗੇ ਅਤੇ ਉਨ੍ਹਾਂ ਨੂੰ ਕਾਲੇ ਫੰਗਸ ਦੇ ਇਲਾਜ ਬਾਰੇ ਦੱਸਣਗੇ। ਹਾਲ ਹੀ ਵਿੱਚ ਕਈ ਰਾਜਾਂ ਵਿੱਚ ਕਰੋਨਾ ਦੇ ਕਈ ਮਰੀਜ਼ਾਂ ਨੂੰ ਮਿਊਕਰ ਮਾਈਕਰੋਸਿਸ ਹੋਣ ਦੇ ਕੇਸ ਸਾਹਮਣੇ ਆਏ ਹਨ। ਨੀਤੀ ਆਯੋਗ (ਸਿਹਤ) ਦੇ ਮੈਂਬਰ ਵੀਕੇ ਪਾਲ ਨੇ ਕੋਵਿਡ-19 ਤੋਂ ਮਿਊਕਰਮਾਈਕਰੋਸਿਸ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ। -ਪੀਟੀਆਈ
ਦੇਹਰਾਦੂਨ ’ਚ ਹੁਣ ਤੱਕ ਆ ਚੁੱਕੇ ਨੇ ਕਾਲੀ ਫੰਗਸ ਦੇ ਤਿੰਨ ਮਰੀਜ਼
ਦੇਹਰਾਦੂਨ: ਇੱਥੋਂ ਦੇ ਮੈਕਸ ਹਸਪਤਾਲ ਵਿੱਚ ਕਰੋਨਾ ਤੋਂ ਸਿਹਤਯਾਬ ਹੋਏ ਇੱਕ ਬਜ਼ੁਰਗ ਨੂੰ ਜਾਨਲੇਵਾ ਕਾਲੀ ਫੰਗਸ ਜਾਂ ਮਿਊਕਰ ਮਾਈਕਰੋਸਿਸ ਤੋਂ ਪੀੜਤ ਹੋਣ ਦਾ ਪਤਾ ਲੱਗਿਆ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਡਾਕਟਰਾਂ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ 60 ਸਾਲ ਦੇ ਮਰੀਜ਼ ਦੀ ਅੱਖ ਕੱਢਣੀ ਪਈ ਸੀ। ਉਨ੍ਹਾਂ ਕਿਹਾ ਕਿ ਮਰੀਜ਼ ਪਿਛਲੇ ਮਹੀਨੇ ਕਰੋਨਾ ਦੀ ਬਿਮਾਰੀ ਤੋਂ ਠੀਕ ਹੋਇਆ ਸੀ। ਹਸਪਤਾਲ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਠੀਕ ਹੋਣ ਮਗਰੋਂ ਤਿੰਨ ਦੇ ਕਾਲੀ ਫੰਗਸ ਦਾ ਸ਼ਿਕਾਰ ਹੋਣ ਦਾ ਪਤਾ ਲੱਗਿਆ ਹੈ। ਪਹਿਲੇ ਦੋ ਕੇਸ ਇਸ ਸਾਲ ਜਨਵਰੀ ਤੇ ਫਰਵਰੀ ਵਿੱਚ ਆਏ ਸਨ। ਉਨ੍ਹਾਂ ਕਿਹਾ ਕਿ ਤਿੰਨਾਂ ਮਰੀਜ਼ਾਂ ਦੀ ਸਰਜਰੀ ਕਰਨੀ ਪਈ ਸੀ। ਹਸਪਤਾਲ ਦੇ ਮੁੱਖ ਸਿਹਤ ਅਧਿਕਾਰੀ ਰਾਹੁਲ ਪ੍ਰਸਾਦ ਨੇ ਕਿਹਾ ਕਿ ਸ਼ੂਗਰ ਅਤੇ ਘੱਟ ਇਮਿਊਟੀ ਵਾਲੇ ਲੋਕਾਂ ਦਾ ਇਸ ਬਿਮਾਰੀ ਦੀ ਲਪੇਟ ਵਿੱਚ ਆਉਣ ਦਾ ਖ਼ਤਰਾ ਵਧੇਰੇ ਰਹਿੰਦਾ ਹੈ। -ਪੀਟੀਆਈ