ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਅਗਸਤ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਹਰਿਆਣਾ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਖਾਪ ਪੰਚਾਇਤਾਂ ਨੇ ਸਾਂਝੇ ਤੌਰ ’ਤੇ ਆਜ਼ਾਦੀ ਦਿਹਾੜੇ ਨੂੰ ‘ਕਿਸਾਨ-ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ’ ਵਜੋਂ ਮਨਾਇਆ ਗਿਆ। ਇਸ ਮੌਕੇ ਕਿਸਾਨਾਂ ਨੇ ਸੂਬੇ ਭਰ ਵਿੱਚ ਪਿੰਡਾਂ, ਸ਼ਹਿਰਾਂ ਤੇ ਜ਼ਿਲ੍ਹਾ ਪੱਧਰ ’ਤੇ ਮਾਰਚ ਕੱਢੇ ਗਏ। ਜਿਸ ਵਿੱਚ ਕਿਸਾਨ, ਮਜ਼ਦੂਰ, ਵਪਾਰੀ ਤੇ ਹਰ ਵਰਗ ਦੇ ਲੋਕਾਂ ਨੇ ਟਰੈਕਟਰ, ਗੱਡੀਆਂ, ਮੋਟਰਸਾਈਕਲਾਂ ਤੇ ਬੈਲ ਗੱਡੀਆਂ ’ਤੇ ਤਿਰੰਗੇ ਝੰਡੇ ਲਾ ਕੇ ਸ਼ਮੂਲੀਅਤ ਕੀਤੀ। ਕਿਸਾਨਾਂ ਨੇ ਸੂਬੇ ਵਿੱਚ ਅੰਦੋਲਨ ਵਾਲੀਆਂ ਥਾਵਾਂ ’ਤੇ ਕੌਮੀ ਝੰਡਾ ਲਹਿਰਾ ਕੇ ‘ਤਿਰੰਗਾ ਮਾਰਚ’ ਦੀ ਸ਼ੁਰੂਆਤ ਕੀਤੀ।
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਵਿਧਾਨ ਸਭਾ ਹਲਕਾ ਉਚਾਨਾ ਵਿੱਚ ਔਰਤਾਂ ਦੀ ਅਗਵਾਈ ਹੇਠ ਮਾਰਚ ਕੱਢਿਆ ਗਿਆ। ਇਹ ਮਾਰਚ ਉਚਾਨਾ ਸ਼ਹਿਰ ਅਤੇ ਵੱਖ-ਵੱਖ ਪਿੰਡਾਂ ਵਿੱਚੋਂ ਲੰਘਿਆ। ਇਸ ਮੌਕੇ ਉਪ ਮੁੱਖ ਮੰਤਰੀ ਤੇ ਜੇਜੇਪੀ ਆਗੂ ਦੁਸ਼ਿਅੰਤ ਚੌਟਾਲਾ ਨੂੰ ਲੋਕਾਂ ਨੇ ਸੁਨੇਹਾ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ ’ਤੇ ਥੋਪੇ ਜਾ ਰਹੇ ਤਿੰਨੇ ਕਾਨੂੰਨ ਕਿਸਾਨ ਵਿਰੋਧੀ ਹਨ।
ਕਿਸਾਨ ਜਥੇਬੰਦੀਆਂ ਵੱਲੋਂ ਜੀਂਦ, ਹਿਸਾਰ, ਸਿਰਸਾ, ਕੈਥਲ, ਚੀਕਾ, ਕੁਰੂਕਸ਼ੇਤਰ, ਪਾਨੀਪਤ, ਸੋਨੀਪਤ, ਭਿਵਾਨੀ ਸਣੇ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ‘ਕਿਸਾਨ-ਮਜ਼ਦੂਰ ਆਜ਼ਾਦੀ ਸੰਗਰਾਮ ਮਾਰਚ’ ਕੱਢੇ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਭਾਜਪਾ ਦਾ ਹਰ ਥਾਂ ’ਤੇ ਵਿਰੋਧ ਹੋ ਰਿਹਾ ਹੈ ਤਾਂ ਭਾਜਪਾ ਨੇ ਜਾਣ ਬੂਝ ਕੇ ਤਿਰੰਗਾ ਯਾਤਰਾ ਰਾਹੀਂ ਲੋਕਾਂ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਹੈ। ਪਰ ਕਿਸਾਨਾਂ ਦੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਨੇ ਸਿਰਫ ਰਾਜਨੀਤੀ ਲਈ ਤਿਰੰਗਾ ਯਾਤਰਾ ਕੱਢੀ ਹੈ ਅਤੇ ਕਿਸਾਨਾਂ ਨੇ ਆਪਣੇ ਹੱਕਾਂ ਲਈ ਇਹ ਮਾਰਚ ਕੀਤਾ ਹੈ। ਇਸ ਮਾਰਚ ਰਾਹੀਂ ਕਿਸਾਨਾਂ ਨੇ ਕੇਂਦਰ ਖ਼ਿਲਾਫ਼ ਇਕਜੁੱਟ ਹੋ ਕੇ ਲੜਾਈ ਲੜਨ ਦਾ ਸੱਦਾ ਦਿੱਤਾ।
ਭਾਜਪਾ ਦੀ ‘ਤਿਰੰਗਾ ਯਾਤਰਾ’ ’ਚ ਹਿੱਸਾ ਲੈਣ ਵਾਲੇ ਪਰਿਵਾਰਾਂ ਦਾ ਬਾਈਕਾਟ; 8 ਨੂੰ ਜੁਰਮਾਨਾ ਲਾਇਆ
ਹਰਿਆਣਾ ਦੇ ਪਿੰਡਾਂ ਦੀ ਪੰਚਾਇਤਾਂ ਨੇ ਭਾਜਪਾ ਤੇ ਜੇਜੇਪੀ ਦੇ ਰਾਜਸੀ ਤੇ ਸਮਾਜਿਕ ਸਮਾਗਮਾਂ ਦਾ ਬਾਈਕਾਟ ਕੀਤਾ ਹੋਇਆ ਹੈ। ਉਸ ਦੇ ਬਾਵਜੂਦ ਹਿਸਾਰ ਦੇ ਪਿੰਡ ਡਾਟਾ ਦੇ ਕਿਸਾਨ ਵੱਲੋਂ ਭਾਜਪਾ ਦੀ ‘ਤਿਰੰਗਾ ਯਾਤਰਾ’ ਵਿੱਚ ਹਿੱਸਾ ਲੈਣ ’ਤੇ ਪਿੰਡ ਦੀ ਪੰਚਾਇਤ ਨੇ ਪਰਿਵਾਰ ਦਾ ਬਾਈਕਾਟ ਕਰ ਦਿੱਤਾ। ਇਸ ਤਰ੍ਹਾਂ ਕੁੱਲ 8 ਜਣਿਆਂ ਨੂੰ 5100-5100 ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 11 ਅਗਸਤ ਨੂੰ ਕੈਪਟਨ ਅਭਿਮੰਨਿਊ ਦੀ ਅਗਵਾਈ ਹੇਠ ਨਾਰਨੌਂਦ ਵਿੱਚ ‘ਤਿਰੰਗਾ ਯਾਤਰਾ’ ਕੱਢੀ ਗਈ ਸੀ।