ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਸੂਬੇ ਦੇ ਟਰਾਂਸਪੋਰਟ ਸਿਸਟਮ ਵਿੱਚ ਸੁਧਾਰ ਕਰਦਿਆਂ ਅਤੇ ਲੋਕਾਂ ਨੂੰ ਬਿਹਤਰ ਟਰਾਂਸਪੋਰਟ ਸਹੂਲਤਾਂ ਪ੍ਰਦਾਨ ਕਰਨ ਲਈ 1275 ਨਵੀਆਂਂ ਬੱਸਾਂ ਖਰੀਦਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਹੇਠ ਹੋਈ ਉੱਚ ਅਧਿਕਾਰ ਪ੍ਰਾਪਤ ਪਰਚੇਜ਼ ਕਮੇਟੀ (ਐੱਚਪੀਪੀਸੀ) ਦੀ ਮੀਟਿੰਗ ਵਿੱਚ ਲਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ 1,275 ਵਿੱਚੋਂ 1,000 ਨਾਨ ਏਸੀ ਬੱਸਾਂ, 150 ਏਸੀ ਬੱਸਾਂ ਤੇ 125 ਮਿਨੀ ਬੱਸਾਂ ਖਰੀਦੀਆਂ ਜਾਣਗੀਆਂ। ਇਸ ਮੌਕੇ ਪੁਲੀਸ ਵਿਭਾਗ ਵਿੱਚ 52 ਸੀਟਾਂ ਵਾਲੀਆਂ 6 ਬੱਸਾਂ, 32 ਸੀਟਾਂ ਵਾਲੀਆਂ 27 ਬੱਸਾਂ ਖਰੀਦਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਨਵੀਂ ਬੱਸਾਂ ਤੇ ਹੋਰਨਾਂ ਵਿਭਾਗਾਂ ਵਿੱਚ ਖਰੀਦੋ-ਫਰੋਖਤ ਲਈ 2,500 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ। ਸ੍ਰੀ ਖੱਟਰ ਨੇ ਦੱਸਿਆ ਕਿ ਮੀਟਿੰਗ ਵਿੱਚ ਜਨ ਸਿਹਤ ਇੰਜਨੀਅਰਿੰਗ ਵਿਭਾਗ, ਪੁਲੀਸ ਟਰਾਂਸਪੋਰਟ, ਐੱਚਵੀਪੀਐੱਨਐੱਲ, ਡੀਐੱਚਵੀਬੀਐੱਨ, ਯੂਐੱਚਬੀਵੀਐੱਨ, ਹਰੇੜਾ ਅਤੇ ਸ਼ੂਗਰਫੈੱਡ ਸਮੇਤ 11 ਵਿਭਾਗਾਂ ਦੇ 31 ਏਜੰਡੇ ਰੱਖੇ ਗਏ ਸਨ, ਜਿਨ੍ਹਾਂ ਵਿੱਚੋਂ 24 ਏਜੰਡਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਏਜੰਡੇ ਬਿਜਲੀ, ਟਰਾਂਸਪੋਰਟ ਅਤੇ ਸਿੰਜਾਈ ਵਿਭਾਗ ਨਾਲ ਸਬੰਧਤ ਹਨ। -ਟਨਸ