ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਮਈ
ਹਰਿਆਣਾ ਦੇ ਬਿਜਲੀ ਅਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕੈਦੀਆਂ ਦੀ ਮਾਨਸਿਕਤਾ ਵਿੱਚ ਬਦਲਾਅ ਲਿਆਉਣ ਦੇ ਉਦੇਸ਼ ਤਹਿਤ ਸੂਬੇ ਦੀਆਂ 11 ਜੇਲ੍ਹਾਂ ਦੀ ਜ਼ਮੀਨ ’ਤੇ ਪੈਟਰੋਲ ਪੰਪ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਪ੍ਰਾਜੈਕਟ ਦੀ ਸ਼ੁਰੂਆਤ 31 ਮਈ ਨੂੰ ਕੁਰੂਕਸ਼ੇਤਰ ਵਿੱਚ ਪਹਿਲਾ ਪੈਟਰੋਲ ਪੰਪ ਸਥਾਪਤ ਕਰਕੇ ਕੀਤੀ ਜਾਵੇਗੀ। ਜੇਲ੍ਹ ਮੰਤਰੀ ਨੇ ਕਿਹਾ ਕਿ ਜੇਲ੍ਹ ਪੈਟਰੋਲ ਪੰਪ ’ਤੇ ਤਾਇਨਾਤ ਕੀਤੇ ਜਾਣ ਵਾਲੇ ਕੈਦੀਆਂ ਨੂੰ ਪਹਿਲਾਂ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਗਰੋਂ ਅੰਬਾਲਾ, ਯਮੁਨਾਨਗਰ, ਕਰਨਾਲ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਭਿਵਾਨੀ, ਜੀਂਦ ਤੇ ਹਿਸਾਰ ਵਿੱਚ ਦੋ ਥਾਵਾਂ ’ਤੇ ਜੇਲ੍ਹ ਪੈਟਰੋਲ ਪੰਪ ਖੋਲ੍ਹੇ ਜਾਣਗੇ। ਇਸ ਮੌਕੇ ਬਿਜਲੀ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਪਹਿਲੀ ਮਈ ਤੋਂ ਬਿਜਲੀ ਦਾ ਕੱਟ ਨਹੀਂ ਲਗਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਅਡਾਨੀ ਗਰੁੱਪ ਤੋਂ 500 ਮੈਗਾਵਾਟ ਬਿਜਲੀ ਮਿਲਣੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ 600 ਮੈਗਾਵਾਟ ਅਗਲੇ ਹਫ਼ਤੇ ਤੱਕ ਮਿਲਣ ਦੀ ਸੰਭਾਵਨਾ ਹੈ।