ਪ੍ਰਭੂ ਦਿਆਲ
ਸਿਰਸਾ, 12 ਫਰਵਰੀ
ਇੰਡੀਅਨ ਨੈਸ਼ਨਲ ਲੋਕ ਦਲ ਦੇ ਸੁਪਰੀਮੋ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਕਿਹਾ ਹੈ ਕਿ ਕੇਂਦਰ ਤੇ ਸੂਬੇ ਦੇ ਖ਼ਰਾਬ ਹਾਲਾਤ ਨੂੰ ਵੇਖਦੇ ਹੋਏ ਮੱਧਵਰਤੀ ਚੋਣਾਂ ਦੀ ਸੰਭਾਵਨਾ ਲੱਗ ਰਹੀ ਹੈ। ਉਹ ਅੱਜ ਇਥੇ ਡੱਬਵਾਲੀ ਰੋਡ ਸਥਿਤ ਚੌਟਾਲਾ ਨਿਵਾਸ ’ਤੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਕਜੁਟਤਾ ਦੇ ਚਲਦਿਆਂ ਸਰਕਾਰ ਦੀਆਂ ਸਾਰੀਆਂ ਸਾਜਿਸ਼ਾਂ ਫੇਲ੍ਹ ਹੋ ਰਹੀਆਂ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਅਤ ਲੋਕਾਂ ਨੂੰ ਆਪਸ ਵਿੱਚ ਲੜਾਉਣ ਤੇ ਲੋਕਾਂ ਦਾ ਭਾਈਚਾਰਾ ਖ਼ਤਮ ਕਰਨ ਦੀ ਰਹੀ ਹੈ ਪਰ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੇ ਆਪਸੀ ਭਾਈਚਾਰਾ ਕਾਇਮ ਰੱਖਦੇ ਹੋਏ ਸਰਕਾਰ ਦੇ ਇਰਾਦਿਆਂ ’ਤੇ ਪਾਣੀ ਫੇਰਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅੰਗਰੇਜ਼ਾਂ ਦੀ ਨੀਤੀ ’ਤੇ ਚਲਦੇ ਹੋਏ ਕਿਸਾਨਾਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਖੇਤੀ ਕਾਨੂੰਨ ਅਮਲੀ ਰੂਪ ਵਿੱਚ ਲਾਗੂ ਹੁੰਦੇ ਹਨ ਤਾਂ ਦੇਸ਼ ਦੇ ਕਿਸਾਨ ਆਪਣੇ ਹੀ ਖੇਤਾਂ ਵਿੱਚ ਮਜ਼ਦੂਰ ਬਣ ਜਾਣਗੇ। ਕੇਂਦਰ ਤੇ ਸੂਬਾ ਸਰਕਾਰਾਂ ਆਪਣੀਆਂ ਗਲਤ ਨੀਤੀਆਂ ਕਾਰਨ ਦੇਸ਼ ਤੇ ਸੂਬੇ ਨੂੰ ਬਰਬਾਦ ਕਰਨ ’ਤੇ ਤੁਲੀਆਂ ਹੋਈਆਂ ਹਨ। ਅਭੈ ਚੌਟਾਲਾ ਵੱਲੋਂ ਅਸਤੀਫ਼ਾ ਦੇਣ ਬਾਰੇ ਉਨ੍ਹਾਂ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਕਿਸਾਨਾਂ ਦੇ ਹਿੱਤਾਂ ਲਈ ਚੌਧਰੀ ਦੇਵੀ ਲਾਲ ਨੇ ਕਈ ਵਾਰ ਵਿਧਾਇਕ, ਸੰਸਦ ਤੇ ਮੰਤਰੀ ਦੇ ਅਹੁਦਿਆਂ ਨੂੰ ਠੁਕਰਾਇਆ ਸੀ। ਜੇ ਹੁਣ ਐਲਨਾਬਾਦ ਹਲਕੇ ਤੋਂ ਜ਼ਿਮਨੀ ਚੋਣ ਹੁੰਦੀ ਹੈ ਤਾਂ ਉਨ੍ਹਾਂ ਦੀ ਰਿਕਾਰਡ ਵੋਟਾਂ ਨਾਲ ਜਿੱਤ ਹੋਵੇਗੀ।