ਚੰਡੀਗੜ੍ਹ (ਟ.ਨ.ਸ.): ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਤੱਕ ਪੁੱਜੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਹਰਿਆਣਾ ਤੋਂ ਵਿਧਾਇਕ ਸੋਮਬੀਰ ਸਾਂਗਵਾਨ ਨੇ ਅੱਜ ਸੂਬੇ ਦੇ ਪਸ਼ੂਧਨ ਵਿਕਾਸ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸਾਂਗਵਾਨ ਆਜ਼ਾਦ ਵਿਧਾਇਕ ਹੈ, ਜਿਸ ਵੱਲੋਂ ਸੂਬੇ ਦੀ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਨੂੰ ਹਮਾਇਤ ਕੀਤੀ ਜਾ ਰਹੀ ਹੈ। ਵਿਧਾਇਕ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਭੇਜੇ ਪੱਤਰ ਵਿੱਚ ਕਿਹਾ, ‘ਮੈਂ ਕਿਸਾਨਾਂ ਦੀ ਹਮਾਇਤ ’ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੂਰੇ ਮੁਲਕ ਵਾਂਗ ਮੇਰੇ ਅਸੈਂਬਲੀ ਹਲਕੇ ਦੇ ਕਿਸਾਨ ਵੀ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਹਨ। ਅਜਿਹੇ ਹਾਲਾਤ ਵਿੱਚ ਉਨ੍ਹਾਂ ਨੂੰ ਪੂਰੀ ਹਮਾਇਤ ਦੇਣੀ ਮੇਰੀ ਤਰਜੀਹ ਤੇ ਨੈਤਿਕ ਜ਼ਿੰਮੇਵਾਰੀ ਵੀ ਹੈ। ਮੈਂ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣਨ ਮਗਰੋਂ ਕਿਸਾਨਾਂ ਨੂੰ ਪੂਰਨ ਹਮਾਇਤ ਦਿੱਤੀ ਹੈ।’