* ਕਈ ਹੋਰ ਆਗੂਆਂ ਨੇ ਵੀ ਪਾਰਟੀ ਨੂੰ ਅਲਵਿਦਾ ਕਿਹਾ
ਆਤਿਸ਼ ਗੁਪਤਾ
ਚੰਡੀਗੜ੍ਹ, 5 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ 67 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਹੋਣ ਤੋਂ ਬਾਅਦ ਪਾਰਟੀ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ। ਵਿਧਾਨ ਸਭਾ ਚੋਣ ਲਈ ਟਿਕਟਾਂ ਕੱਟੇ ਜਾਣ ਤੋਂ ਨਾਰਾਜ਼ ਅੱਧਾ ਦਰਜਨ ਦੇ ਕਰੀਬ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ, ਜਦਕਿ ਕਈ ਹੋਰ ਆਗੂਆਂ ਵੱਲੋਂ ਪਾਰਟੀ ਅੰਦਰ ਵਿਰੋਧ ਕੀਤਾ ਜਾ ਰਿਹਾ ਹੈ। ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਵੀ ਟਿਕਟ ਕੱਟੇ ਜਾਣ ਦੇ ਰੋਸ ਵਜੋਂ ਭਾਜਪਾ ਛੱਡ ਦਿੱਤੀ ਹੈ। ਉਨ੍ਹਾਂ ਅੱਜ ਆਪਣੇ ਸਮਰਥਕਾਂ ਨਾਲ ਮੀਟਿੰਗ ਮਗਰੋਂ ਵਿਧਾਨ ਸਭਾ ਹਲਕਾ ਰਾਣੀਆਂ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।
ਸ੍ਰੀ ਚੌਟਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਡੱਬਵਾਲੀ ਤੋਂ ਚੋਣ ਲੜਾਉਣਾ ਚਾਹੁੰਦੀ ਸੀ ਪਰ ਉਹ ਵਿਧਾਨ ਸਭਾ ਹਲਕਾ ਰਾਣੀਆਂ ਤੋਂ ਚੋਣ ਲੜਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਹਲਕਾ ਰਾਣੀਆਂ ਤੋਂ ਹੀ ਚੋਣ ਲੜਨਗੇ। ਇਸ ਦੇ ਨਾਲ ਹੀ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਪੋਤੇ ਆਦਿੱਤਿਆ ਚੌਟਾਲਾ ਵੀ ਭਾਜਪਾ ਦੀ ਪਹਿਲੀ ਸੂਚੀ ਵਿੱਚ ਨਾਮ ਨਾ ਆਉਣ ’ਤੇ ਪਾਰਟੀ ਤੋਂ ਨਾਰਾਜ਼ ਹੋ ਗਏ ਹਨ ਤੇ ਉਨ੍ਹਾਂ ਹਰਿਆਣਾ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਵਿਧਾਨ ਸਭਾ ਹਲਕਾ ਡੱਬਵਾਲੀ ਤੋਂ ਚੋਣ ਲੜਨ ਦੇ ਚਾਹਵਾਨ ਹਨ। ਉਨ੍ਹਾਂ ਕਿਹਾ ਕਿ ਡੱਬਵਾਲੀ ਤੋਂ ਇਕੱਲੇ ਦਾ ਉਨ੍ਹਾਂ ਦਾ ਨਾਮ ਸਾਹਮਣੇ ਆਇਆ ਹੈ। ਇਸ ਦੇ ਬਾਵਜੂਦ ਭਾਜਪਾ ਵੱਲੋਂ ਉਨ੍ਹਾਂ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ।
ਵਿਧਾਨ ਸਭਾ ਹਲਕਾ ਰਤੀਆ ਤੋਂ ਟਿਕਟ ਕੱਟੇ ਜਾਣ ’ਤੇ ਲਕਸ਼ਮਣ ਨਾਪਾ ਨੇ ਪਾਰਟੀ ਛੱਡ ਦਿੱਤੀ ਹੈ। ਸ੍ਰੀ ਨਾਪਾ ਭਾਜਪਾ ਨੂੰ ਅਲਵਿਦਾ ਕਹਿਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਮੁਲਾਕਾਤ ਕਰਨ ਲਈ ਪਹੁੰਚ ਗਏ ਹਨ। ਸੂਤਰਾਂ ਅਨੁਸਾਰ ਲਕਸ਼ਮਣ ਨਾਪਾ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਵਿਧਾਨ ਸਭਾ ਹਲਕਾ ਕੋਸਲੀ ਤੋਂ ਟਿਕਟ ਨਾ ਮਿਲਣ ’ਤੇ ਸੁਨੀਲ ਰਾਓ ਅਤੇ ਵਿਧਾਨ ਸਭਾ ਹਲਕਾ ਰਿਵਾੜੀ ਤੋਂ ਟਿਕਟ ਨਾ ਮਿਲਣ ’ਤੇ ਡਾ. ਸਤੀਸ਼ ਖੋਲਾ ਤੇ ਨੌਜਵਾਨ ਆਗੂ ਸਨੀ ਯਾਦਵ ਨੇ ਪਰਟੀ ਛੱਡ ਦਿੱਤੀ ਹੈ। ਇਨ੍ਹਾਂ ਆਗੂਆਂ ਨੇ ਵੀ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਜ਼ਾਦ ਤੌਰ ’ਤੇ ਚੋਣ ਲੜਨ ਦਾ ਐਲਾਨ ਕੀਤਾ ਹੈ।
ਖੇਡ ਮੰਤਰੀ ਨੇ ਪਾਰਟੀ ’ਤੇ ਖੜ੍ਹੇ ਕੀਤੇ ਸਵਾਲ
ਹਰਿਆਣਾ ਦੇ ਖੇਡ ਮੰਤਰੀ ਸੰਜੈ ਸਿੰਘ ਨੇ ਵਿਧਾਨ ਸਭਾ ਹਲਕਾ ਸੋਹਾਣਾ ਤੋਂ ਟਿਕਟ ਕੱਟੇ ਜਾਣ ’ਤੇ ਪਾਰਟੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੋਹਾਣਾ ਤੋਂ ਭਾਜਪਾ ਉਮੀਦਵਾਰ ਤੇਜਪਾਲ ਤੰਵਰ ਸੂਬੇ ਵਿੱਚ ਸਭ ਤੋਂ ਕਮਜ਼ੋਰ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਤੇਜਪਾਲ ਤੰਵਰ ’ਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਹੋਏ ਹਨ। ਇਸ ਦੇ ਬਾਵਜੂਦ ਭਾਜਪਾ ਨੇ ਉਸ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ।