ਰਤਨ ਸਿੰਘ ਢਿੱਲੋਂ
ਅੰਬਾਲਾ, 13 ਜੁਲਾਈ
ਕੋਵਿਡ-19 ਦੇ ਚਲਦਿਆਂ ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਜਿਸ ਔਸਤ ਫਾਰਮੂਲੇ ਨੂੰ ਅਪਣਾ ਕੇ 10ਵੀਂ ਦਾ ਨਤੀਜਾ ਐਲਾਨਿਆ ਗਿਆ ਹੈ ਉਸ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬੀ ਦੇ ਵਿਦਿਆਰਥੀਆਂ ਨੂੰ ਹੋਇਆ ਹੈ। ਬੋਰਡ ਵੱਲੋਂ ਕੇਵਲ ਚਾਰ ਪੇਪਰ ਲਏ ਗਏ ਸਨ। ਜੋ ਵਿਦਿਆਰਥੀ ਇਨ੍ਹਾਂ ਚਾਰ ਪੇਪਰਾਂ ਵਿਚੋਂ ਦੋ ਵਿਚੋਂ ਫੇਲ੍ਹ ਹੈ, ਉਸ ਨੂੰ ਪੰਜਾਬੀ ਵਿਸ਼ੇ ਵਿਚੋਂ ਵੀ ਫੇਲ੍ਹ ਕਰ ਦਿੱਤਾ ਗਿਆ ਹੈ। ਇਸ ਗੱਲ ਨੂੰ ਲੈ ਕੇ ਪੰਜਾਬੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿਚ ਰੋਸ ਹੈ। ਊਨ੍ਹਾਂ ਦਾ ਕਹਿਣਾ ਹੈ ਕਿ ਬਾਕੀ ਵਿਸ਼ਿਆਂ ਵਿਚੋਂ ਫੇਲ੍ਹ ਹੋਣ ਦੀ ਸਜ਼ਾ ਪੰਜਾਬੀ ਵਿਸ਼ੇ ਨੂੰ ਕਿਉਂ ਦਿੱਤੀ ਗਈ ਹੈ ਜਿਸ ਦੇ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਹੀ ਉਂਗਲਾਂ ’ਤੇ ਗਿਣੀ ਜਾਣ ਜੋਗੀ ਹੁੰਦੀ ਹੈ। ਛਾਉਣੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪੰਜਾਬੀ ਲੈਕਚਰਾਰ ਸ਼੍ਰੀਮਤੀ ਮੀਨਾ ਨਵੀਨ ਨੇ ਦੱਸਿਆ ਕਿ ਉਸ ਦਾ 10ਵੀਂ ਪੰਜਾਬੀ ਵਿਸ਼ੇ ਦਾ ਨਤੀਜਾ ਕੇਵਲ 37 ਫੀਸਦ ਰਿਹਾ ਹੈ ਜਦੋਂ ਕਿ ਹਮੇਸ਼ਾ ਸੌ ਫੀਸਦ ਆਉਂਦਾ ਰਿਹਾ ਹੈ। ਇਸ ਸਬੰਧ ਵਿਚ ਪੰਜਾਬੀ ਅਧਿਆਪਕ ਅਤੇ ਭਾਸ਼ਾ ਕਲਿਆਣ ਸੁਸਾਇਟੀ ਨੇ ਬੋਰਡ ਦੇ ਫਾਰਮੂਲੇ ਅਤੇ ਐਲਾਨੇ ਗਏ ਨਤੀਜੇ ’ਤੇ ਸਵਾਲ ਖੜ੍ਹੇ ਕੀਤੇ ਹਨ। ਸੁਸਾਇਟੀ ਵੱਲੋਂ ਮੰਗ ਕੀਤੀ ਗਈ ਹੈ ਕਿ ਜੇ ਸੰਭਵ ਹੋ ਸਕੇ ਤਾਂ ਵਿਦਿਆਰਥੀਆਂ ਨੂੰ ਪ੍ਰੀ-ਬੋਰਡ ਇਮਤਿਹਾਨਾਂ ਦੇ ਅੰਕ ਦੇ ਕੇ ਨਤੀਜਾ ਸੋਧਿਆ ਜਾਵੇ।
ਕੀ ਕਹਿੰਦੇ ਨੇ ਬੋਰਡ ਦੇ ਚੇਅਰਮੈਨ
ਸੂਤਰਾਂ ਅਨੁਸਾਰ ਸਕੂਲ ਬੋਰਡ ਦੇ ਚੇਅਰਮੈਨ ਡਾ. ਜਗਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬੀ ਅਤੇ ਸੰਸਕ੍ਰਿਤ ਦੋਹਾਂ ਵਿਸ਼ਿਆਂ ਸਬੰਧੀ ਸ਼ਿਕਾਇਤ ਪੱਤਰ ਮਿਲੇ ਹਨ, ਇਨ੍ਹਾਂ ਬਾਰੇ ਜਲਦੀ ਮੀਟਿੰਗ ਬੁਲਾ ਕੇ ਨਿਯਮਾਂ ਅਨੁਸਾਰ ਫੈਸਲਾ ਲਿਆ ਜਾਵੇਗਾ ਅਤੇ ਕਿਸੇ ਬੱਚੇ ਨਾਲ ਬੇਇਨਸਾਫ਼ੀ ਨਹੀਂ ਕੀਤੀ ਜਾਵੇਗੀ।