ਹਿਸਾਰ: ਹਰਿਆਣਵੀ ਗਾਇਕ ਰਾਜੂ ਪੰਜਾਬੀ (33) ਦੀ ਅੱਜ ਸਵੇਰੇ ਇਥੇ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਗਾਇਕ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ। ਉਸ ਨੂੰ ਪੀਲੀਏ ਦੀ ਸ਼ਿਕਾਇਤ ਸੀ। ਉਹ ਇਥੋਂ ਦੇ ਆਜ਼ਾਦ ਨਗਰ ਦਾ ਵਸਨੀਕ ਸੀ। ਉਸ ਦੀਆਂ ਅੰਤਿਮ ਰਸਮਾਂ ਰਾਜਸਥਾਨ ਵਿਚਲੇ ਜੱਦੀ ਪਿੰਡ ਰਾਵਤਸਰ ਖੇੜਾ ਵਿਚ ਪੂਰੀਆਂ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗਾਇਕ ਦੇ ਅਕਾਲ ਚਲਾਣੇ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ, ‘‘ਰਾਜੂ ਪੰਜਾਬੀ ਦੇ ਦੇਹਾਂਤ ਨਾਲ ਹਰਿਆਣਾ ਦੀ ਸੰਗੀਤ ਇੰਡਸਟਰੀ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ।’’ ਰਾਜੂ ਪੰਜਾਬੀ ਆਪਣੇ ਗੀਤਾਂ ‘ਸੌਲਿਡ ਬਾਡੀ’, ‘ਸੈਂਡਲ’, ‘ਤੂੰ ਚੀਜ਼ ਲਾਜਵਾਬ’ ਤੇ ‘ਦੇਸੀ ਦੇਸੀ’ ਲਈ ਮਕਬੂਲ ਸੀ। ਉਸ ਦਾ ਆਖਰੀ ਗੀਤ ‘ਆਪਸੇ ਮਿਲਕੇ ਯਾਰ ਹਮਕੋ ਅੱਛਾ ਲਗਾ ਥਾ’ 12 ਅਗਸਤ ਨੂੰ ਰਿਲੀਜ਼ ਹੋਇਆ ਸੀ। -ਪੀਟੀਆਈ