ਜਗਤਾਰ ਸਮਾਲਸਰ
ਏਲਨਾਬਾਦ, 25 ਅਗਸਤ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਵੇਂ ਹਾਲੇ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਪਰ ਜ਼ਿਲ੍ਹੇ ਦੀ ਰਾਣੀਆਂ ਸੀਟ ’ਤੇ ਆਪੋ-ਆਪਣੀ ਦਾਅਵੇਦਾਰੀ ਨੂੰ ਲੈ ਕੇ ਭਾਜਪਾ ਦੇ ਦੋ ਦਿੱਗਜ ਆਗੂ ਆਹਮੋ-ਸਾਹਮਣੇ ਆ ਚੁੱਕੇ ਹਨ। ਇੱਥੇ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਗੋਵਿੰਦ ਕਾਂਡਾ ਅਤੇ ਕੈਬਨਿਟ ਮੰਤਰੀ ਰਣਜੀਤ ਸਿੰਘ ਇੱਕ ਦੂਜੇ ਖ਼ਿਲਾਫ਼ ਹੀ ਬਿਆਨਬਾਜ਼ੀ ਕਰਕੇ ਆਪਣੇ ਆਪ ਨੂੰ ਭਾਜਪਾ ਦਾ ਉਮੀਦਵਾਰ ਸਿੱਧ ਕਰ ਰਹੇ ਹਨ ਜਿਸ ਤੋਂ ਸਪਸ਼ਟ ਹੈ ਕਿ ਇਨ੍ਹਾਂ ਆਗੂਆਂ ਨੂੰ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਵਿਰੁੱਧ ਚੋਣ ਲੜਨ ਤੋਂ ਪਹਿਲਾਂ ਟਿਕਟ ਹਾਸਲ ਕਰਨ ਲਈ ਇੱਕ ਦੂਜੇ ਨਾਲ ਸਿਆਸੀ ਲੜਾਈ ਲੜਨੀ ਪੈ ਰਹੀ ਹੈ। ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੌਧਰੀ ਰਣਜੀਤ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਉਹ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਪਰ ਗੋਵਿੰਦ ਕਾਂਡਾ ਸ਼ੁਰੂ ਤੋਂ ਹੀ ਰਾਣੀਆਂ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੇ ਚਾਹਵਾਨ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਹਾਈਕਮਾਨ ਨੇ ਪਹਿਲਾਂ ਹੀ ਇਸ ਸਥਿਤੀ ਨੂੰ ਸਮਝਦਿਆਂ ਚੌਧਰੀ ਰਣਜੀਤ ਸਿੰਘ ਨੂੰ ਹਿਸਾਰ ਲੋਕ ਸਭਾ ਸੀਟ ਤੋਂ ਭਾਜਪਾ ਦਾ ਉਮੀਦਵਾਰ ਬਣਾਇਆ ਸੀ ਪਰ ਉਹ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਮੁੜ ਰਾਣੀਆਂ ਵਿੱਚ ਆ ਕੇ ਆਪਣੀ ਦਾਅਵੇਦਾਰੀ ਪੇਸ਼ ਕਰਨ ਲੱਗੇ ਹਨ। ਗੋਵਿੰਦ ਕਾਂਡਾ ਨੇ ਭਾਜਪਾ ਦੀ ਟਿਕਟ ਨਾ ਮਿਲਣ ਦੀ ਸੂਰਤ ਵਿੱਚ ਹੁਣ ਹਲੋਪਾ ਦੀ ਟਿਕਟ ’ਤੇ ਆਪਣੇ ਪੁੱਤਰ ਧਵਲ ਕਾਂਡਾ ਨੂੰ ਇੱਥੇ ਚੋਣ ਲੜਾਉਣ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਆਗੂਆਂ ਵਿਚਕਾਰ ਪੈਦਾ ਹੋਈ ਇਸ ਸਿਆਸੀ ਰੰਜਿਸ਼ ਕਾਰਨ ਇਸ ਵੇਲੇ ਭਾਜਪਾ ਹਾਈਕਮਾਨ ਸੰਸ਼ੋਪੰਜ ਵਿਚ ਫਸੀ ਹੋਈ ਹੈ ਕਿਉਂਕਿ ਇਸ ਇਲਾਕੇ ਵਿਚ ਗੋਵਿੰਦ ਕਾਂਡਾ ਦੇ ਚੰਗੇ ਵੋਟ ਬੈਂਕ ਦੀ ਰਿਪੋਰਟ ਭਾਜਪਾ ਹਾਈਕਮਾਨ ਕੋਲ ਪਹੁੰਚੀ ਹੋਈ ਹੈ।
ਇਸ ਤਰ੍ਹਾਂ ਪੂਰੇ ਸਿਰਸਾ ਜ਼ਿਲ੍ਹੇ ਵਿੱਚ ਰਣਜੀਤ ਸਿੰਘ ਦਾ ਵੀ ਚੰਗਾ ਪ੍ਰਭਾਵ ਹੋਣ ਕਾਰਨ ਭਾਜਪਾ ਉਨ੍ਹਾਂ ਨੂੰ ਵੀ ਵੱਖ ਨਹੀਂ ਕਰਨਾ ਚਾਹੁੰਦੀ।