ਚੰਡੀਗੜ੍ਹ/ਗੁਰੂਗ੍ਰਾਮ, 4 ਅਗਸਤ
ਨੂਹ ਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਹਿੰਸਕ ਝੜਪਾਂ ਮਗਰੋਂ ਅੱਜ ਨੂਹ ਦੇ ਐੱਸਪੀ ਵਰੁਣ ਸਿੰਗਲਾ ਤੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪਵਾਰ ਦਾ ਤਬਾਦਲਾ ਕਰ ਦਿੱਤਾ ਗਿਆ। ਨੂਹ ਜ਼ਿਲ੍ਹੇ ਵਿੱਚ ਧਾਰਮਿਕ ਯਾਤਰਾ ਦੌਰਾਨ ਭੜਕੀ ਹਿੰਸਾ ਮੌਕੇ ਸਿੰਗਲਾ ਛੁੱਟੀ ’ਤੇ ਸਨ। ਸਿੰਗਲਾ ਨੂੰ ਭਿਵਾਨੀ ਦਾ ਐੱਸਪੀ ਲਾਇਆ ਗਿਆ ਹੈ। ਨਰੇਂਦਰ ਬਿਜਾਰਨੀਆ ਨੂਹ ਦੇ ਨਵੇਂ ਐੱਸਪੀ ਹੋਣਗੇ। ਸਿੰਗਲਾ ਦੀ ਗ਼ੈਰਹਾਜ਼ਰੀ ਵਿੱਚ ਬਿਜਾਰਨੀਆ ਕੋਲ ਹੀ ਨੂਹ ਦਾ ਵਾਧੂ ਚਾਰਜ ਸੀ। ਪਵਾਰ ਦੀ ਥਾਂ ਧੀਰੇਂਦਰ ਖਦਗਾਟਾ ਨੂੰ ਲਾਇਆ ਗਿਆ ਹੈ। ਇਸ ਦੌਰਾਨ ਨੂਹ ਜ਼ਿਲ੍ਹੇ ਵਿੱਚ ਅੱਜ ਵੀ ਕੁਝ ਥਾਵਾਂ ’ਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਨਾਂ ’ਤੇ ਬੁਲਡੋਜ਼ਰ ਚੱਲਿਆ।
ਡੀਸੀ ਪਵਾਰ ਨੇ ਕਿਹਾ ਕਿ ਗੈਰਕਾਨੂੰਨੀ ਇਮਾਰਤਾਂ ਨੂੰ ਢਾਹੁਣ ਦੀ ਕਾਰਵਾਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੁਕਮਾਂ ’ਤੇ ਕੀਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਨਲਹਾਰ ਸ਼ਿਵ ਮੰਦਰ ਦੇ ਪਿਛਲੇ ਪਾਸੇ ਜੰਗਲਾਤ ਵਿਭਾਗ ਦੀ ਪੰਜ ਏਕੜ ਜ਼ਮੀਨ, ਪੁਨਹਾਣਾ ਵਿੱਚ ਜੰਗਲਾਤ ਦੀ 6 ਏਕੜ, ਧੋਬੀ ਘਾਟ ਵਿੱਚ ਇਕ ਏਕੜ ਤੇ ਨੰਗਲ ਮੁਬਾਰਕਪੁਰ ਵਿੱਚ ਦੋ ਏਕੜ ਜ਼ਮੀਨ ’ਤੇ ਨਜਾਇਜ਼ ਕਬਜ਼ਿਆਂ ਨੂੰ ਢਾਹਿਆ ਗਿਆ। ਪਵਾਰ ਨੇ ਕਿਹਾ ਕਿ ਨਾਜਾਇਜ਼ ਕਬਜ਼ੇ ਢਾਹੁਣ ਦਾ ਹਾਲੀਆ ਹਿੰਸਾ ਨਾਲ ਕੋਈ ਸਬੰਧ ਨਹੀਂ, ਹਾਲਾਂਕਿ ਸੂਬੇ ਦੇ ਗ੍ਰਹਿ ਮੰਤਰੀ ਵਿੱਜ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ‘‘ਇਲਾਜ ਲਈ ਬੁਲਡੋਜ਼ਰ ਵੀ ਇਕ ਕਾਰਵਾਈ ਹੈ।’’ ਹਿੰਦੂ ਜਥੇਬੰਦੀਆਂ ਨੇ ਗੁਰੂਗ੍ਰਾਮ ਦੇ ਪਟੌਦੀ ਇਲਾਕੇ ਵਿੱਚ ਰੋਸ ਮਾਰਚ ਕੱਢਿਆ ਤੇ ਬੰਦ ਦਾ ਸੱਦਾ ਦਿੱਤਾ। ਪਟੌਦੀ, ਜਟੌਲੀ ਤੇ ਭੋਰਾ ਕਲਾਂ ਵਿੱਚ ਬਾਜ਼ਾਰ ਬੰਦ ਰਹੇ।
ਉਧਰ ਜੁੰਮੇ ਦੀ ਨਮਾਜ਼ ਮੌਕੇ ਅੱਜ ਗੁਰੂਗ੍ਰਾਮ ਦੀ ਜਾਮਾ ਮਸਜਿਦ ਬੰਦ ਰਹੀ ਤੇ ਛੋਟੀਆਂ ਮਸੀਤਾਂ ਵਿੱਚ ਵੀ ਇੱਕਾ ਦੁੱਕਾ ਨਮਾਜ਼ੀ ਨਜ਼ਰ ਆਏ। ਏਸੀਪੀ (ਅਪਰਾਧ) ਵਰੁਣ ਦਹੀਆ ਨੇ ਕਿਹਾ, ‘‘ਜਮੀਅਤ-ਏ-ਉਲੇਮਾ ਤੇ ਹੋਰਨਾਂ ਮੁਸਲਿਮ ਜਥੇਬੰਦੀਆਂ ਨੇ ਲੋਕਾਂ ਨੂੰ ਘਰਾਂ ਵਿਚ ਹੀ ਨਮਾਜ਼ ਅਦਾ ਕਰਨ ਦਾ ਸੱਦਾ ਦਿੱਤਾ ਸੀ।’’ ਉਂਜ ਹਿੰਸਾ ਦੇ ਮੱਦੇਨਜ਼ਰ ਮਸਜਿਦਾਂ ਤੇ ਨਮਾਜ਼ ਲਈ ਬਣੀਆਂ ਖੁੱਲ੍ਹੀਆਂ ਥਾਵਾਂ ਨੇੜੇ ਵੱਡੀ ਗਿਣਤੀ ਪੁਲੀਸ ਤੇ ਕੇਂਦਰੀ ਬਲ ਤਾਇਨਾਤ ਰਹੇ। ਜਾਮਾ ਮਸਜਿਦ ਤੇ ਅੰਜੂਮਨ ਮਸਜਿਦ, ਜਿੱਥੇ ਮੌਲਵੀ ਦੀ ਹੱਤਿਆ ਕੀਤੀ ਗਈ ਸੀ, ਬੰਦ ਰਹੀਆਂ।
ਹਿੰਦੂਵਾਦੀ ਜਥੇਬੰਦੀਆਂ ਦੇ ਪ੍ਰਦਰਸ਼ਨਾਂ ਨੂੰ ਲੈ ਕੇ 26 ਐੱਫਆਈਆਰ ਦਰਜ
ਨਵੀਂ ਦਿੱਲੀ(ਪੱਤਰ ਪ੍ਰੇਰਕ): ਦਿੱਲੀ ਪੁਲੀਸ ਨੇ ਹਰਿਆਣਾ ਦੇ ਨੂਹ ਵਿੱਚ ਹੋਈ ਹਿੰਸਾ ਵਿਰੁੱਧ ਕੌਮੀ ਰਾਜਧਾਨੀ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਤੇ ਬਜਰੰਗ ਦਲ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਅਣਪਛਾਤੇ ਵਿਅਕਤੀਆਂ ਖਿਲਾਫ਼ 26 ਐੱਫਆਈਆਰ ਦਰਜ ਕੀਤੀਆਂ ਹਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਸੀਸੀਟੀਵੀ ਫੁਟੇਜ ਦੇ ਜ਼ਰੀਏ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰ ਰਹੀ ਹੈ ਤੇ ਸੀਸੀਟੀਵੀ ਫੁਟੇਜ ਨੂੰ ਘੋਖਣ ਮਗਰੋਂ ਐੱਫਆਈਆਰ ਵਿੱਚ ਹੋਰ ਧਾਰਾਵਾਂ ਜੋੜੀਆਂ ਜਾਣਗੀਆਂ। ਇਸ ਦੌਰਾਨ ਖੱਬੀਆਂ ਧਿਰਾਂ ’ਤੇ ਅਧਾਰਿਤ ਤੱਥ ਖੋਜ ਟੀਮਾਂ ਨੇ ਅੱਜ ਹਰਿਆਣਾ ਦੇ ਨੂਹ ਜ਼ਿਲ੍ਹੇ ਤੇ ਨੇੜਲੇ ਖੇਤਰਾਂ ਦਾ ਦੌਰਾ ਕੀਤਾ। ਟੀਮਾਂ ਨੇ ਨੂਹ (ਮੇਵਾਤ), ਸੋਹਨਾ (ਗੁੜਗਾਉਂ) ਵਿੱਚ ਮੁਸਲਿਮ ਅਤੇ ਹਿੰਦੂ ਭਾਈਚਾਰਿਆਂ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਘਟਨਾਵਾਂ ਦੇ ਕ੍ਰਮ ਨੂੰ ਸਮਝਿਆ।
ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਵਿੱਜ
ਅੰਬਾਲਾ(ਨਿੱਜੀ ਪੱਤਰ ਪ੍ਰੇਰਕ):ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੱਜ ਕਿਹਾ ਕਿ ਨੂਹ ਹਿੰਸਾ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਹਿੰਸਕ ਝੜਪਾਂ ਨੂੰ ਲੈ ਕੇ ਹੁਣ ਤੱਕ 102 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਤੇ ਇਨ੍ਹਾਂ ਵਿਚੋਂ ਅੱਧੀਆਂ ਨੂਹ ਤੇ ਬਾਕੀ ਗੁਰੂਗ੍ਰਾਮ, ਫਰੀਦਾਬਾਦ ਤੇ ਪਲਵਲ ਸਣੇ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਹਨ। ਦੋ ਸੌ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ 80 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਵਿੱਜ ਨੇ ਕਿਹਾ ਕਿ ਹਰਿਆਣਾ ਪੁਲੀਸ ‘ਨਿਰਦੋਸ਼ ਨੂੰ ਸਜ਼ਾ ਨਾ ਮਿਲੇ ਅਤੇ ਦੋਸ਼ੀ ਛੁੱਟ ਨਾ ਸਕੇ’ ਦੇ ਸਿਧਾਂਤ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੂਹ ਵਿੱਚ ਸਾਈਬਰ ਅਪਰਾਧ ਪੁਲੀਸ ਥਾਣੇ ਨੂੰ ਨਿਸ਼ਾਨਾ ਬਣਾਏ ਜਾਣ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਜਾਂਚ ਜਾਰੀ ਹੈ ਤੇ ਪਤਾ ਲਾਇਆ ਜਾ ਰਿਹਾ ਹੈ ਕਿ ਹਮਲਾਵਰ ਕੌਣ ਸਨ ਤੇ ਉਹ ਕਿਸ ਰਿਕਾਰਡ ਨੂੰ ਖ਼ਤਮ ਕਰਨਾ ਚਾਹੁੰਦੇ ਸੀ।